ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਅਪਰੈਲ
ਸ਼ਹਿਰ ਵਿੱਚ ਜੀਟੀ ਰੋਡ ਤੋਂ ਰੇਲਵੇ ਪੁਲ ਲੰਘ ਕੇ ਦਾਖਲ ਹੋਇਆ ਜਾਂਦਾ ਹੈ। ਪੁਲ ਉਤਰਦੇ ਹੀ ਰਾਣੀ ਝਾਂਸੀ ਚੌਕ ਤੋਂ ਇਕ ਸੜਕ ਰਾਏਕੋਟ ਨੂੰ ਚਲੀ ਜਾਂਦੀ ਹੈ ਜਦਕਿ ਦੂਸਰੀ ਸ਼ਹਿਰ ਦੇ ਅੰਦਰਲੇ ਪਾਸੇ। ਇਹੋ ਸੜਕ ਅੱਗੇ ਕਈ ਪਿੰਡਾਂ ਨੂੰ ਵੀ ਜੋੜਦੀ ਹੈ ਪਰ ਪੁਲ ਚੜ੍ਹਦੇ ਸਾਰ ਪਹਿਲਾਂ ਤਾਂ ਪੁਲ ਦੇ ਉੱਪਰ ਹੀ ਪਏ ਵੱਡੇ ਖੱਡੇ ਸਮੱਸਿਆ ਪੈਦਾ ਕਰਦੇ ਹਨ। ਇਸ ਨਾਲ ਪੁਲ ਉੱਪਰ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੁਲ ਉਤਰਦੇ ਹੀ ਅਤੇ ਦੂਜੇ ਪਾਸੇ ਪੁਲ ਚੜ੍ਹਦੇ ਵੀ ਸੜਕ ’ਚ ਵੱਡੇ ਖੱਡੇ ਹਨ। ਇਹ ਖੱਡੇ ਇਥੋਂ ਰੋਜ਼ਾਨਾ ਲੰਘਣ ਵਾਲੇ ਸੈਂਕੜੇ ਵਾਹਨ ਚਾਲਕਾਂ ਤੇ ਸ਼ਹਿਰ ਵਾਸੀਆਂ ਲਈ ਕਈ ਮਹੀਨੇ ਤੋਂ ਵੱਡੀ ਸਿਰਦਰਦੀ ਬਣੇ ਹੋਏ ਹਨ। ਇਥੋਂ ਹੀ ਥੋੜ੍ਹਾ ਅੱਗੇ ਰਾਣੀ ਝਾਂਸੀ ਚੌਕ ਦੇ ਰਾਏਕੋਟ ਰੋਡ ਵਾਲੇ ਪਾਸੇ ਵੀ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਨਗਰ ਸੁਧਾਰ ਸਭਾ ਦੇ ਆਗੂ ਅਵਤਾਰ ਸਿੰਘ, ਜਾਗ੍ਰਿਤੀ ਮੰਚ ਦੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਤੇ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲ ਤੋਂ ਅੱਗੋਂ ਵੱਡੇ ਖੱਡਿਆਂ ਵਾਲੀ ਸੜਕ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਪਈ ਹੈ, ਜਿਸ ਵੱਲ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਸ ਥਾਂ ਸੜਕ ਬਣਾਉਣ ਵੇਲੇ ਕੁਝ ਦੁਕਾਨਦਾਰਾਂ ਨੇ ਸੜਕ ਉੱਚੀ ਹੋ ਜਾਣ ’ਤੇ ਦੁਕਾਨਾਂ ਨੀਵੀਆਂ ਹੋਣ ਦਾ ਇਤਰਾਜ਼ ਉਠਾਇਆ ਸੀ ਜਿਸ ਕਰਕੇ ਇਸ ਤੋਂ ਅੱਗੇ ਸੜਕ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਖੱਡੇ ਵਾਲੀ ਸੜਕ ਦੀ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਹੁਣ ਇਸੇ ਲੈਵਲ ’ਤੇ ਸੜਕ ਬਣਾਈ ਜਾਵੇਗੀ।