ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਫਰਵਰੀ
ਪੰਜਾਬ ਦੇ ਹੋਰਨਾਂ ਮੇਲਿਆਂ ਵਾਂਗ ਜਗਰਾਵਾਂ ਦਾ ਰੌਸ਼ਨੀ ਮੇਲਾ ਵੀ ਹੁਣ ਆਪਣੀ ਚਮਕ ਗੁਆ ਰਿਹਾ ਹੈ ਜੋ ਕਦੇ ਸੂਬੇ ਦੇ ਮੂਹਰਲੀ ਕਤਾਰ ਦੇ ਮੇਲਿਆ ’ਚ ਸ਼ੁਮਾਰ ਸੀ। ਪੰਜਾਬ ਦੇ ਲੋਕ ਗੀਤ, ਲੋਕ ਬੋਲੀਆਂ ਵੀ ਇਸ ਗੱਲ ਦੀਆਂ ਗਵਾਹ ਹਨ। ਦੇਸੀ ਮਹੀਨਿਆਂ ਮੁਤਾਬਕ ਹਰ ਸਾਲ 13 ਫੱਗਣ ਤੋਂ 15 ਫੱਗਣ (24, 25 ਅਤੇ 26 ਫਰਵਰੀ) ਤੱਕ ਲੱਗਣ ਵਾਲੇ ਇਸ ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਕੱਵਾਲ ਆਪਣੀ ਕਲਾ ਨਾਲ ਪੀਰ ਬਾਬਾ ਮੋਹਕਮ ਦੀਨ ਦਰਗਾਹ ’ਤੇ ਇਬਾਦਤ ਕਰਨ ਦਾ ਅਨੌਖਾ ਜ਼ਰੀਆ ਪ੍ਰਦਾਨ ਕਰਦੇ ਹਨ। ਬਜ਼ੁਰਗਾਂ ਮੁਤਾਬਕ ਇਹ ਮੇਲਾ ਹਜ਼ਰਤ ਬਾਬਾ ਮੋਹਕਮ ਅਲੀ ਅੱਲਾ ਦੀ ਯਾਦ ’ਚ ਲੱਗਦਾ ਹੈ ਜਿਨ੍ਹਾਂ ਦੇ ਪੰਜ ਯਾਰ ਅਤੇ 48 ਸ਼ਰਧਾਲੂ ਸਨ। ਇਥੋਂ ਪੰਜ ਪੀਰ, ਪੀਰ ਲੱਪੇ ਸ਼ਾਹ, ਪੀਰ ਮੋਹਕਮ ਦੀਨ, ਪੀਰ ਜਾਮਨ ਸ਼ਾਹ, ਪੀਰ ਟੁੰਡੇ ਸ਼ਾਹ ਅਤੇ ਪੀਰ ਮਹਿੰਦੇ ਸ਼ਾਹ ਹੋਏ। ਇਹ ਵੀ ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕੋਈ ਔਲਾਦ ਨਹੀਂ ਸੀ, ਔਲਾਦ ਦੀ ਚਾਹਤ ਲੈ ਕੇ ਮੁਗ਼ਲ ਬਾਦਸ਼ਾਹ ਪੀਰ ਦੀ ਦਰਗਾਹ ’ਤੇ ਪੁੱਜਾ ਤਾਂ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਬਾਦਸ਼ਾਹ ਦੇ ਘਰ ਲੜਕੀ ਨੇ ਜਨਮ ਲਿਆ, ਪੀਰ ਮੋਹਕਮ ਦੀਨ ਨੇ ਜਹਾਂਗੀਰ ਨੂੰ ਫਿਰ ਆਸ਼ੀਰਵਾਦ ਦਿੱਤਾ। ਇਸ ਮਗਰੋਂ ਜਹਾਂਗੀਰ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਇਸ ਦੇ ਫਲਸਰੂਪ ਜਹਾਂਗੀਰ ਨੇ ਪੁੱਤਰ ਪ੍ਰਾਪਤੀ ਤੋਂ ਬਾਅਦ ਘਿਉ ਦੇ ਦੀਵੇ ਬਾਲ ਕੇ ਰੌਸ਼ਨੀ ਕੀਤੀ। ਜਹਾਂਗੀਰ ਖੁਸ਼ੀ ’ਚ ਜੋ ਰੁਪਏ ਲਿਆਇਆ ਸੀ ਪੀਰ ਮੋਹਕਮ ਦੀਨ ਨੇ ਉਹ ਸਾਰੇ ਲੋਕਾਂ ’ਚ ਵੰਡਾ ਦਿੱਤੇ ਅਤੇ ਲੋਕਾਂ ਨੂੰ ਵੀ ਆਪਣੇ ਘਰ-ਗਲੀਆਂ ’ਚ ਰੌਸ਼ਨੀ ਕੀਤੀ। ਇਸ ਤਰ੍ਹਾਂ ਰੌਸ਼ਨੀ ਦੇ ਇਸ ਮੇਲੇ ਦੀ ਸ਼ੁਰੂਆਤ ਹੋਈ। ਬਾਬਾ ਮੋਹਕਮ ਦੀਨ ਦੇ ‘ਰੋਜ਼ੇ’ ਮੌਕੇ ਲੱਗਣ ਵਾਲੇ ਰੌਸ਼ਨੀ ਦੇ ਤਿੰਨ ਦਿਨਾਂ ਮੇਲੇ ਦੌਰਾਨ ਗਹਿਮਾ ਗਹਿਮੀ ਰਹਿੰਦੀ ਹੈ।