ਜਸਬੀਰ ਸ਼ੇਤਰਾ
ਜਗਰਾਉਂ, 26 ਫਰਵਰੀ
ਇਥੇ ਹਰ ਸਾਲ 13 ਤੋਂ 15 ਫੱਗਣ ਤੱਕ ਲੱਗਣ ਵਾਲਾ ਪੰਜਾਬ ਦਾ ਪ੍ਰਸਿੱਧ ਰੌਸ਼ਨੀ ਮੇਲਾ ਅੱਜ ਸਮਾਪਤ ਹੋ ਗਿਆ। ਤਿੰਨ ਦਿਨਾਂ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਕਮਲ ਚੌਕ ਨੇੜੇ ਪੀਰ ਮੋਹਕਮ ਦੀਨ ਦੀ ਦਰਗਾਹ ’ਤੇ ਮੱਥਾ ਟੇਕਿਆ। ਦੂਰ-ਦੁਰਾਡੇ ਤੋਂ ਆਏ ਸ਼ਰਧਾਲੂਆਂ ਨੇ ਦਰਗਾਹ ’ਤੇ ਦੀਵੇ ਬਾਲੇ ਅਤੇ ਸਰ੍ਹੋਂ ਦਾ ਤੇਲ ਚੜ੍ਹਾਇਆ। ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਵੀ ਸਾਥੀਆਂ ਸਮੇਤ ਜਾ ਕੇ ਅੱਜ ਦਰਗਾਹ ’ਤੇ ਮੱਥਾ ਟੇਕਿਆ। ਮੇਲੇ ਵਿਚ ਲੱਗੇ ਚੰਡੋਲ, ਝੂਲੇ ਤੇ ਮਨੋਰੰਜਨ ਦੇ ਹੋਰ ਸਾਧਨ ਭਾਵੇਂ ਅਗਲੇ ਇਕ ਹਫਤੇ ਤੱਕ ਚੱਲਦੇ ਰਹਿਣਗੇ ਪਰ ਧਾਰਮਿਕ ਰੀਤ ਅਨੁਸਾਰ ਤਿੰਨ ਦਿਨ ਚੌਕੀਆਂ ਭਰਨ ਦੀ ਅੱਜ ਸਮਾਪਤੀ ਹੋ ਗਈ। ਚੌਂਕੀਆਂ ਭਰਨ ਦੇ ਅੰਤਲੇ ਦਿਨ ਅੱਜ ਕੁੱਲਾ ਦੀ ਰਸਮ ਅਦਾ ਕਰਨ ਮਗਰੋਂ ਬਾਬਾ ਮੋਹਕਮ ਦੀਨ ਦਰਗਾਹ ਅਲੀ ਬੱਲਾ ਵਿਖੇ ਦੁਆ ਕੀਤੀ ਗਈ ਅਤੇ ਤਿੰਨ ਦਿਨਾਂ ਦੌਰਾਨ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਦਰਗਾਹ ਦੇ ਬਾਹਰ ਤੇ ਹੋਰ ਬਾਜ਼ਾਰਾਂ ’ਚ ਥਾਂ-ਥਾਂ ਮਠਿਆਈ ਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਇਨ੍ਹਾਂ ਵਿੱਚ ‘ਖੱਜਲਾ’ ਅਹਿਮ ਮਠਿਆਈ ਹੈ ਜਿਸ ਨੂੰ ਦਰਗਾਹ ’ਤੇ ਆਈ ਸੰਗਤ ਤੇ ਹੋਰ ਮੇਲੀਆਂ ਨੇ ਵਧੇਰੇ ਖਰੀਦਿਆ।
ਮੀਂਹ ਕਾਰਨ ਮੇਲੇ ਨੂੰ ਜਾਂਦੇ ਰਾਹ ਚਿੱਕੜ ਨਾਲ ਭਰੇ
ਸਵਖਤੇ ਪੈਣਾ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਸਾਰਾ ਦਿਨ ਪੈਂਦਾ ਰਿਹਾ। ਬਾਰਿਸ਼ ਭਾਵੇਂ ਹਲਕੀ ਸੀ ਪਰ ਲਗਾਤਾਰ ਪੈਣ ਕਰਕੇ ਇਥੇ ਚੱਲ ਰਹੇ ਰੌਸ਼ਨੀ ਮੇਲੇ ਦੇ ਅੰਤਲੇ ਦਿਨ ਰੰਗ ’ਚ ਭੰਗ ਪੈ ਗਿਆ। ਜਿੱਥੇ ਚੰਡੋਲ, ਹੋਰ ਝੂਲੇ ਤੇ ਮਨੋਰੰਜਨ ਦੇ ਸਾਧਨ ਲੱਗੇ ਸਨ, ਉਥੇ ਪ੍ਰਬੰਧਕ ਬਾਲਟੀਆਂ ਲੈ ਕੇ ਪਾਣੀ ਕੱਢ ਰਹੇ ਸਨ। ਇਸੇ ਤਰ੍ਹਾਂ ਮੇਲੇ ਨੂੰ ਜਾਣ ਵਾਲੇ ਰਸਤਿਆਂ ਸਮੇਤ ਹੋਰ ਮਾਰਗ ਵੀ ਚਿੱਕੜ ਨਾਲ ਭਰ ਗਏ ਜਿਸ ਕਰਕੇ ਮੇਲੀਆਂ ਨੂੰ ਬਾਜ਼ਾਰਾਂ ’ਚ ਤੁਰਨ ਫਿਰਨ ਲਈ ਵੀ ਮੁਸ਼ਕਲ ਆ ਰਹੀ ਸੀ। ਝੂਲੇ ਦੇਣ ਵਾਲੇ ਪਰਮਜੀਤ ਸਿੰਘ, ਅਮਿਤ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਤਿੰਨ ਦਿਨ ਭਰਨ ਵਾਲੇ ਮੇਲੇ ਦਾ ਪਹਿਲਾ ਦਿਨ ਵਧੀਆ ਰਿਹਾ ਕਿਉਂਕਿ ਵੱਡੀ ਗਿਣਤੀ ’ਚ ਲੋਕ ਪਹੁੰਚੇ ਪਰ ਕੱਲ੍ਹ ਦੂਜਾ ਦਿਨ ਥੋੜ੍ਹਾ ਫਿੱਕਾ ਰਿਹਾ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਅੱਜ ਤਿੰਨ ਰੋਜ਼ਾ ਮੇਲੇ ਦੇ ਅੰਤਲੇ ਦਿਨ ਲੋਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ ਪਰ ਮੀਂਹ ਨੇ ਰੰਗ ’ਚ ਭੰਗ ਪਾ ਦਿੱਤਾ। ਇਸੇ ਤਰ੍ਹਾਂ ਮੇਲੇ ਵਾਲੇ ਰਾਹ ਦੇ ਆਲੇ-ਦੁਆਲੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਨੇ ਵੀ ਅੱਜ ਮੀਂਹ ਕਰਕੇ ਮੰਦਾ ਰਹਿਣ ਦੀ ਗੱਲ ਆਖੀ।