ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਸਤੰਬਰ
ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਪ੍ਰੋਗਰਾਮ ਤਹਿਤ ਅੱਜ ਆਈਟੀਬੀਪੀ ਦੇ ਜਵਾਨਾਂ ਦੀ ਲੇਹ ਲੱਦਾਖ ਤੋਂ ਸ਼ੁਰੂ ਕੀਤੀ ਸਾਈਕਲ ਰੈਲੀ ਲੁਧਿਆਣਾ ਦੇ ਨੌਘਰਾਂ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਪੁੱਜੀ। ਆਈਟੀਬੀਪੀ ਜਵਾਨਾਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਬੁੱਤ ਸਾਹਮਣੇ ਨਤਮਸਤਕ ਹੁੰਦਿਆਂ ਸਲਾਮੀ ਦਿੱਤੀ। ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਭਾਰਤ ਸਰਕਾਰ ਵੱਲੋਂ ਸਾਈਕਲ ਰੈਲੀ 27 ਅਗਸਤ ਨੂੰ ਭਾਰਤ ਚੀਨ ਸਰਹੱਦ ਸਥਿਤ ਗੋਗਰਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਰਸਤਿਓ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਯਾਤਰਾ ਕਰਦੇ ਹੋਏ 31 ਅਕਤੂਬਰ ਨੂੰ ਗੁਜਰਾਤ ਸੂਬੇ ਦੇ ਕੇਬੜੀਆ ’ਚ ਸਮਾਪਤ ਹੋਵੇਗੀ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਤੇ ਸ਼ਹੀਦਾਂ ਦੇ ਵਾਰਸ ਅਸ਼ੋਕ ਥਾਪਰ, ਰਾਜਾ ਗਰੋਵਰ, ਅਰੁਣ ਲੇਖੀ, ਤ੍ਰਿਭਵਨ ਥਾਪਰ, ਸ਼ੁਭਮ ਗਰੋਵਰ ਨੇ ਜਵਾਨਾਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ਰੈਲੀ ’ਚ ਸ਼ਾਮਲ ਆਈਟੀਬੀਪੀ ਉਤਰ ਪਛੱਮੀ ਸਰਹੱਦ ਦੇ ਜਵਾਨਾਂ ਨੇ ਅੰਮ੍ਰਿਤਸਰ ਸਥਿਤ ਆਜ਼ਾਦੀ ਘੁਲਾਟੀ ਦੇ ਸ਼ਹੀਦਾਂ ਦੀ ਯਾਦਗਾਰ ਜੱਲ੍ਹਿਆਂਵਾਲਾ ਬਾਗ, ਜਗਰਾਉਂ ਸਥਿਤ ਸ਼ਹੀਦ ਲਾਲਾ ਲਾਜਪਤ ਰਾਏ ਦੇ ਜਨਮ ਅਸਥਾਨ ਦੇ ਦਰਸ਼ਨ ਕਰ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦਸਤਕ ਦਿੱਤੀ। ਸ਼ਹੀਦ ਦੇ ਜਨਮ ਸਥਾਨ ਤੋਂ ਅਸ਼ੋਕ ਥਾਪਰ ਨੇ ਝੰਡੀ ਦਿਖਾ ਕੇ ਸਾਈਕਲ ਰੈਲੀ ਨੂੰ ਸ਼ਹੀਦ ਊਧਮ ਸਿੰਘ ਦੀ ਸੁਨਾਮ ਸਥਿਤ ਸਮਾਧੀ ਸਥਾਨ ਲਈ ਰਵਾਨਾ ਕੀਤਾ।