ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਅਕਤੂਬਰ
ਪ੍ਰਦੂਸ਼ਣ ਦੇ ਲਗਾਤਾਰ ਵਧਦੇ ਪੱਧਰ ਦੇ ਮੱਦੇਨਜ਼ਰ ਅਦਾਲਤੀ ਹੁਕਮਾਂ ’ਤੇ ਐਤਕੀ ਸਿਰਫ਼ ਗਰੀਨ ਪਟਾਕੇ ਵਿਕ ਸਕਦੇ ਹਨ। ਜਗਰਾਉਂ ਵਿਚ ਵੀ ਗਰੀਨ ਪਟਾਕੇ ਵੇਚਣ ਲਈ ਇਕ ਵਪਾਰੀ ਨੂੰ ਪ੍ਰਸ਼ਾਸਨ ਵੱਲੋਂ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇਹ ਲਾਇਸੈਂਸ ਮਿਲਣ ਤੋਂ ਬਾਅਦ ਹੁਣ ਪਟਾਕਾ ਕਾਰੋਬਾਰ ਨਾਲ ਜੁੜੇ ਵੱਡੇ ਵਪਾਰੀ ਪੂਲ ਬਣਾ ਕੇ ਪਟਾਕੇ ਵੇਚਣ ਲਈ ਯਤਨਸ਼ੀਲ ਹੋ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਗਰੀਨ ਪਟਾਕੇ ਵੇਚਣ ਦੇ ਲਾਇਸੈਂਸ ਹੇਠ ਉਹ ਦੂਜੇ ਪਟਾਕੇ ਵੇਚਣ ਦੀਆਂ ‘ਸਕੀਮਾਂ’ ਵੀ ਘੜ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦੂਜੇ ਪਟਾਕਿਆਂ ’ਤੇ ਪੂਰਨ ਪਾਬੰਦੀ ਲਗਾਏ ਜਾਣ ਤੋਂ ਬਾਅਦ ਸਿਰਫ ਗਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪਹਿਲਾਂ ਹੀ ਲੱਖਾਂ ਰੁਪਏ ਦੇ ਪ੍ਰਚੂਨ ਦੁਕਾਨਦਾਰਾਂ ਨੂੰ ਜੋ ਪਟਾਕੇ ਵੇਚੇ ਜਾ ਚੁੱਕੇ ਹਨ ਉਨ੍ਹਾਂ ਦਾ ਕੀ ਬਣੇਗਾ? ਇਹ ਸੰਭਵ ਨਹੀਂ ਕਿ ਉਹ ਪਟਾਕੇ ਇਸੇ ਤਰ੍ਹਾਂ ਪਏ ਹੋਏ ਮਿੱਟੀ ਹੋ ਜਾਣ। ਲਾਜ਼ਮੀ ਇਹ ਪਟਾਕੇ ਦੀਵਾਲੀ ਵਾਲੇ ਦਿਨ ਚੱਲਣਗੇ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਧੂੰਏਂ ’ਚ ਉਡਾਉਂਦੇ ਹੋਏ ਪ੍ਰਦੂਸ਼ਣ ’ਚ ਵਾਧਾ ਕਰਨਗੇ। ਇਹ ਸਭ ਪੁਲੀਸ ਤੇ ਪ੍ਰਸ਼ਾਸਨ ਦੀ ਨੱਕ ਹੇਠ ਅਤੇ ਅੱਖਾਂ ਸਾਹਮਣੇ ਹੋਵੇਗਾ। ਦੀਵਾਲੀ ਮੌਕੇ ਬਾਜ਼ਾਰਾਂ ’ਚ ਪਟਾਕਿਆਂ ਦੇ ਖੁੱਲ੍ਹੇ ਅੱਡੇ ਨਹੀਂ ਲੱਗਦੇ ਸਿਰਫ ਮਿੱਥੀ ਹੋਈ ਥਾਂ ’ਤੇ ਹੀ ਪਟਾਕੇ ਵੇਚੇ ਜਾ ਸਕਦੇ ਹਨ। ਜਗਰਾਉਂ ’ਚ ਪਿਛਲੇ ਸਾਲ ਵਾਂਗ ਐਤਕੀ ਵੀ ਪਸ਼ੂ ਮੰਡੀ ’ਚ ਪਟਾਕੇ ਵੇਚਣ ਦੀ ਇਜਾਜ਼ਤ ਹੈ, ਉਹ ਵੀ ਸਿਰਫ ਗਰੀਨ। ਪਟਾਕਿਆਂ ਦੇ ਸਿਰ ’ਤੇ ਕਮਾਈ ਕਰਨ ਵਾਲੇ ਛੋਟੇ ਦੁਕਾਨਦਾਰ ਹਾਲੇ ਤੱਕ ਦੁਚਿੱਤੀ ’ਚ ਹਨ। ਲਾਇਸੈਂਸ ਹਾਸਲ ਕਰਨ ਵਾਲੇ ਵਪਾਰੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਸਾਰੇ ਪਟਾਕਿਆਂ ’ਚ ਗਰੀਨ ਪੋਟਾਸ਼ ਪਵਾ ਦਿੱਤੀ ਹੈ ਅਤੇ ਪਟਾਕੇ ਗਰੀਨ ਹੋ ਗਏ ਹਨ। ਇਹੋ ਗੱਲ ਉਹ ਹੋਰ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਕਹਿ ਰਿਹਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਐੱਸਡੀਐੱਮ ਵਿਕਾਸ ਹੀਰਾ ਨੇ ਪੁਸ਼ਟੀ ਕੀਤੀ ਕਿ ਸਿਰਫ ਇਕ ਵਿਅਕਤੀ ਨੂੰ ਲਾਇਸੈਂਸ ਜਾਰੀ ਹੋਇਆ ਹੈ ਅਤੇ ਉਹ ਵੀ ਸਿਰਫ ਤੇ ਸਿਰਫ ਗਰੀਨ ਪਟਾਕੇ ਵੇਚਣ ਦੇ ਹੁਕਮਾਂ ਨਾਲ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਿਰਫ ਗਰੀਨ ਪਟਾਕੇ ਹੀ ਵਿਕ ਸਕਣਗੇ ਅਤੇ ਹੁਕਮਾਂ ਦੀ ਉਲੰਘਣਾਂ ਕਰਨ ’ਤੇ ਬਣਦੀ ਕਾਰਵਾਈ ਹੋਵੇਗੀ। ਐੱਸਐੱਸਓ ਕਮਲਦੀਪ ਕੌਰ ਨੇ ਕਿਹਾ ਕਿ ਸਿਰਫ ਦੋ ਘੰਟੇ ਲਈ ਗਰੀਨ ਪਟਾਕੇ ਵੇਚਣ ਦੀ ਇਜਾਜ਼ਤ ਹੈ।