ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਸਤੰਬਰ
ਬਹੁਕਰੋੜੀ ਸਿੰਜਾਈ ਘਪਲੇ ਦੇ ਸਬੰਧ ਵਿੱਚ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਵਿਜੀਲੈਂਸ ਅਧਿਕਾਰੀਆਂ ਨੂੰ ਦਿੱਤਾ ਉਹ ਇਕਬਾਲੀਆ ਬਿਆਨ ਜਾਅਲੀ ਪਾਇਆ ਗਿਆ ਹੈ, ਜਿਸ ਵਿੱਚ ਉਸ ਨੇ ਸਾਬਕਾ ਆਈਏਐੱਸ ਅਧਿਕਾਰੀਆਂ ਸਣੇ ਪੰਜਾਬ ਦੇ ਦੋ ਸਾਬਕਾ ਵਜ਼ੀਰਾਂ ਅਤੇ ਉਨ੍ਹਾਂ ਦੇ ਨਿੱਜੀ ਸਹਾਇਕਾਂ ਨੂੰ ਕਰੋੜਾਂ ਰੁਪਏ ਦੀ ਰਕਮ ਦੇਣ ਦਾ ਦਾਅਵਾ ਕੀਤਾ ਸੀ। ਸਾਬਕਾ ਵਿਧਾਇਕ ਅਤੇ ਵਕੀਲ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਅੱਜ ਇੱਥੇ ਦੱਸਿਆ ਹੈ ਕਿ ਠੇਕੇਦਾਰ ਗੁਰਿੰਦਰ ਸਿੰਘ ਦੇ ਉਕਤ ਬਿਆਨ ਉੱਪਰ ਕੀਤੇ ਦਸਤਖਤਾਂ ਦੀ ਜਾਂਚ ਫੋਰੈਂਸਿਕ ਮਾਹਿਰ ਡਾ. ਇੰਦਰਜੀਤ ਸਿੰਘ ਵੱਲੋਂ ਕਰਵਾਈ ਗਈ ਹੈ, ਜਿਨ੍ਹਾਂ ਕਥਿਤ ਪੱਤਰ ’ਤੇ ਉਸ ਦੇ ਦਸਤਖ਼ਤ ਨਾ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਹੈ।