ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਗਸਤ
ਸੀਨੀਅਰ ਐਡਵੋਕੇਟ ਹਰੀਸ਼ ਰਾਏ ਢਾਂਡਾ ਤੇ ਐਡਵੋਕੇਟ ਜਗਮੋਹਣ ਸਿੰਘ ਵੜੈਚ ਨੇ ਕਿਹਾ ਹੈ ਕਿ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਵਧਾ ਚੜਾ ਕੇ ਪ੍ਰਚਾਰਿਆ ਗਿਆ ਕਥਿਤ ਸਿੰਜਾਈ ਘੁਟਾਲਾ ਸੀਨੀਅਰ ਆਈਏਐੱਸ ਅਫ਼ਸਰਾਂ ਦੀ ਆਪਸੀ ਖਹਬਿਾਜ਼ੀ ਦੀ ਉਪਜ ਹੈ ਅਤੇ ਇਸ ਵਿੱਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਨਾਮ ਸਿਆਸੀ ਲਾਹਾ ਲੈਣ ਲਈ ਵਰਤਿਆ ਗਿਆ ਸੀ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਸੀਨੀਅਰ ਰਿਟਾਇਰਡ ਆਈਏਐੱਸ ਅਫ਼ਸਰ ਦੀ ਸ਼ਹਿ ’ਤੇ ਵਿਜੀਲੈਂਸ ਵਿਭਾਗ ਦੇ ਕੁੱਝ ਅਧਿਕਾਰੀਆਂ ਨੇ ਆਪਣੇ ਹੱਥ ਜ਼ਰੂਰ ਰੰਗੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਲੜਾਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਰਿਟਾਇਰਡ ਆਈਏਐੱਸ ਅਧਿਕਾਰੀ ਦੇ ਪ੍ਰਿੰਸੀਪਲ ਮੁੱਖ ਸਕੱਤਰ ਬਨਣ ਨਾਲ ਸ਼ੁਰੂ ਹੁੰਦੀ ਹੈ। ਉਸ ਦੇ ਇਸ ਅਹੁਦੇ ’ਤੇ ਲੱਗਣ ਨਾਲ ਇੱਕ ਹੋਰ ਆਈਏਐੱਸ ਅਧਿਕਾਰੀ ਜੋ ਮੁੱਖ ਸਕੱਤਰ ਬਨਣ ਦੀ ਦੌੜ ਵਿੱਚ ਸੀ, ਨੇ ਮੁੱਖ ਮੰਤਰੀ ਦਾ ਮੁੱਖ ਪ੍ਰਿੰਸੀਪਲ ਸਕੱਤਰ ਲੱਗੇ ਰਿਟਾਇਰਡ ਅਧਿਕਾਰੀ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਵਾ ਦਿੱਤੀ ਅਤੇ ਨੇੜਤਾ ਦਾ ਫਾਇਦਾ ਚੁੱਕਦਿਆਂ ਵਕੀਲਾਂ ਨੂੰ ਅਦਾਇਗੀ ਉਸ ਠੇਕੇਦਾਰ ਤੋਂ ਕਰਵਾ ਦਿੱਤੀ, ਜਿਸ ਨੂੰ ਇਸ ਕਥਿਤ ਘਪਲੇ ਵਿੱਚ ਮੁੱਖ ਦੋਸ਼ੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਾਈਕੋਰਟ ਵਿੱਚ ਪਾਈ ਪਟੀਸ਼ਨ ਤੋਂ ਖਿਝ ਕੇ ਇੱਕ ਸਿੰਜਾਈ ਘੋਟਾਲੇ ਦਾ ਤਾਣਾਬਾਣਾ ਬੁਣਿਆ ਗਿਆ ਅਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਇੱਕ ਵਿਜੀਲੈਂਸ ਕੇਸ ਦਰਜ ਕੀਤਾ ਗਿਆ, ਜਿਸ ਵਿੱਚ ਸਿੰਜਾਈ ਮਹਿਕਮੇ ਦੇ ਕਈ ਮੁੱਖ ਇੰਜੀਨੀਅਰ ਵੀ ਗ੍ਰਿਫ਼ਤਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਪੁਲੀਸ ਰਿਮਾਂਡ ਦੌਰਾਨ ਇੱਕ ਜਾਅਲੀ ਚਿੱਠੀ ਬਣਾਈ ਗਈ, ਜਿਸ ਵਿੱਚ ਕੁਝ ਆਈਏਐੱਸ ਅਫ਼ਸਰਾਂ ਨੂੰ ਪੈਸੇ ਦੇਣ ਦੀ ਗੱਲ ਕਹੀ ਗਈ। ਇਹ ਸਾਰੇ ਅਫ਼ਸਰ ਉਹੀ ਸਨ, ਜਿਨ੍ਹਾਂ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਨਹੀਂ ਬਣਦੀ ਸੀ। ਮਾਮਲੇ ਨੂੰ ਹੋਰ ਸਨਸਨੀਖੇਜ਼ ਬਨਾਉਣ ਲਈ ਉਸ ਜਾਅਲੀ ਪੱਤਰ ਵਿੱਚ ਦੋ ਸਾਬਕਾ ਮੰਤਰੀਆਂ ਦਾ ਨਾਮ ਵੀ ਉਛਾਲਿਆ ਗਿਆ। ਆਗੂਆਂ ਨੇ ਦੱਸਿਆ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਪ੍ਰਚਾਰ ਕਰਨ ਵਾਲੀ ਵਿਜੀਲੈਂਸ ਨੇ ਜਦੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਤਾਂ ਪਤਾ ਲੱਗਿਆ ਕਿ ਠੇਕੇਦਾਰ ਵੱਲੋਂ 1000 ਕਰੋੜ ਦੇ ਤਾਂ ਕੁੱਲ ਕੰਮ ਕੀਤੇ ਗਏ ਸਨ, ਜਦੋਂ ਕਿ ਊਣਤਾਈਆਂ ਸਿਰਫ਼ 100 ਕਰੋੜ ਦੀਆਂ ਦਿਖਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਮੁੱਖ ਇੰਜਨੀਅਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ਵਿੱਚ ਉਨ੍ਹਾਂ ਵਿਜੀਲੈਂਸ ਦੇ ਪੜਤਾਲੀਆ ਅਫ਼ਸਰ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦਾ ਜ਼ਿਕਰ ਵੀ ਕੀਤਾ ਹੈ।
ਬਦਨਾਮ ਕਰਨ ਲਈ ਰਚੀ ਸੀ ਸਾਜ਼ਿਸ਼: ਢਿੱਲੋਂ
ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਕੁੱਝ ਸਾਬਕਾ ਮੰਤਰੀਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਖੇਡੀਆਂ ਹਨ, ਜਿਸ ਨਾਲ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ‘ਆਪ’ ਸਰਕਾਰ ਮਾਮਲੇ ਵਿੱਚ ਇਨਸਾਫ਼ ਕਰੇਗੀ।