ਪੱਤਰ ਪ੍ਰੇਰਕ
ਕੁੱਪ ਕਲਾਂ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਗਵਾਈ ਹੇਠ ਅੱਜ ਗੁਰਦੁਆਰਾ ਸੰਗਤਪੁਰਾ ਵਿੱਚ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਸਮੇਤ ਇਲਾਕੇ ਦੇ ਤਕਰੀਬਨ ਦੋ ਦਰਜਨ ਤੋਂ ਵੱਧ ਪਿੰਡਾਂ ਦੀਆਂ ਕਿਸਾਨ ਇਕਾਈਆਂ ਨੇ ਬੀਕੇਯੂ ਉਗਰਾਹਾਂ ਨੂੰ ਛੱਡ ਕੇ ਡਕੌਂਦਾ ਧੜੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਡਕੌਂਦਾ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਬੂਟਾ ਖ਼ਾਨ ਨੇ ਦੱਸਿਆ ਕਿ ਲੁਧਿਆਣੇ ਜ਼ਿਲ੍ਹੇ ਦੇ ਕਈ ਪਿੰਡਾਂ ਨੇ ਅੰਮ੍ਰਿਤਪਾਲ ਸਿੰਘ ਬਾਰੇ ਬਿਆਨ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਡਕੌਂਦਾ ਵਿੱਚ ਸ਼ਾਮਲ ਹੋਏ ਉਗਰਾਹਾਂ ਦੇ ਸਾਬਕਾ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਕਿਹਾ ਕਿ ਉਸ ’ਤੇ ਜਥੇਬੰਦੀ ਨੇ ਘਪਲੇਬਾਜ਼ੀ ਦੇ ਦੋਸ਼ ਲਾਏ ਸਨ ਪਰ ਸਾਬਤ ਨਹੀਂ ਹਏ ਸਨ, ਇਸ ਲਈ ਉਨ੍ਹਾਂ ਉਗਰਾਹਾਂ ਨੂੰ ਅਲਵਿਦਾ ਕਹਿ ਦਿੱਤਾ ਹੈ।
ਦਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਧਲੇਰ ਦੀ ਅਗਵਾਈ ਹੇਠ ਬੇਗੋਵਾਲ ਵਿੱਚ ਮੀਟਿੰਗ ਹੋਈ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਦੱਸਿਆ ਕਿ ਹਿਸਾਬ-ਕਿਤਾਬ ਵਿੱਚ ਘਪਲਾ ਦੇ ਮਾਮਲੇ ਵਿੱਚ ਸ਼ੇਰ ਸਿੰਘ ਆਪਣਾ ਪੱਖ ਸਪੱਸ਼ਟ ਨਹੀਂ ਕਰ ਸਕਿਆ। ਅੱਜ ਮੀਟਿੰਗ ਵਿੱਚ ਬਲਾਕ ਅਹਿਮਦਗੜ੍ਹ ਦੇ 28 ਪਿੰਡਾਂ ਦੇ ਇਕਾਈ ਪ੍ਰਧਾਨਾਂ ਦੇ ਨਾਲ ਸ਼ੇਰ ਸਿੰਘ ਦੇ ਪਿੰਡ ਮਹੋਲੀ ਖੁਰਦ ਦਾ ਪ੍ਰਧਾਨ ਵੀ ਮੌਜੂਦ ਸੀ। ਉਸ ਨੇ ਕਿਹਾ ਕਿ ਉਹ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਕੰਮ ਕਰਦੇ ਰਹਿਣਗੇ। ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ ਨੇ ਕਿਹਾ ਕਿ ਦੋਵਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਅਜਿਹੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਫੁੱਟ ਪਾਉਣ ਵਾਲੇ ਲੋਕਾਂ ਤੋਂ ਬਚਣਾ ਚਾਹੀਦਾ ਹੈ।