ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 16 ਸਤੰਬਰ
ਪਿੰਡ ਕੰਗਣਵਾਲ ਵਿੱਚ ਅੱਧੀ ਦਰਜਨ ਪਿੰਡਾਂ ਦੀ ਪੁਲੀਸ ਪਬਲਿਕ ਸਾਂਝ ਮਿਲਣੀ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਦੀ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਸ਼ਾਮਲ ਹੋਏ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਆਖਿਆ ਕਿ ਔਰਤਾਂ ਆਪਣੇ ਹੱਕਾਂ ਲਈ ਜਾਗਰੂਕ ਹੋਣ ਪਿੰਡਾਂ ਵਿੱਚ ਵਿਕ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੁਲੀਸ ਦਾ ਸਹਿਯੋਗ ਦੇਣ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ। ਅਵਨੀਤ ਸਿੱਧੂ ਪੰਚਾਇਤਾਂ ਨੂੰ ਕਿਹਾ, ‘‘ਉਹ ਬਹੁਮਤ ਨਾਲ ਚੁਣ ਕੇ ਪਿੰਡ ਦੇ ਮੁਖੀ ਬਣਦੇ ਹਨ ਤੇ ਉਹ ਇੱਕ ਪਾਰਟੀ ਦੇ ਨਹੀਂ ਬਲਕਿ ਸਭ ਦੇ ਸਾਂਝੇ ਬਣ ਜਾਂਦੇ ਹਨ ਅਤੇ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ ਦੇ ਛੋਟੇ ਮੋਟੇ ਝਗੜਿਆਂ ਨੂੰ ਆਪਣੇ ਪੱਧਰ ਹੱਲ ਕਰਨ ਤਾਂ ਜੋ ਪਿੰਡਾਂ ਦੀ ਭਾਈਚਾਰਕ ਸਾਂਝ ਬਰਕਰਾਰ ਰਹਿ ਸਕੇ।’’ ਇਸ ਮੌਕੇ ਸਬ ਇੰਸਪੈਕਟਰ ਮਨਜੋਤ ਸਿੰਘ ਵਲੋਂ ਸੋਸ਼ਲ ਮੀਡੀਆ ਰਾਹੀਂ ਹੋ ਰਹੀਆਂ ਆਨਲਾਈਨ ਠੱਗੀਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਥਾਣਾ ਸਦਰ ਅਹਿਮਦਗੜ੍ਹ ਮੁਖੀ ਗਗਨਦੀਪ ਸਿੰਘ ਨੇ ਆਖਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪੱਧਰ ’ਤੇ ਰਾਤ ਦੇ ਸਮੇਂ ਠੀਕਰੀ ਪਹਿਰਾ ਲਾਉਣ ਅਤੇ ਪਿੰਡਾਂ ਵਿੱਚ ਰਹਿ ਰਹੇ ਮਾੜੇ ਅਨਸਰਾ, ਨਸ਼ਾ ਵੇਚਣ ਵਾਲਿਆਂ ਦਾ ਪੂਰਨ ਬਾਈਕਾਟ ਕੀਤਾ ਜਾਵੇ। ਇਸ ਮੌਕੇ ਮੈਂਬਰ ਕਮਲ ਸਿੰਘ, ਸਰਪੰਚ ਹਰਦੀਪ ਸਿੰਘ, ਪਟਵਾਰੀ ਜਗਤਰਨ ਸਿੰਘ ,ਸ਼ਮਸ਼ੇਰ ਸਿੰਘ ,ਭੋਲਾ ਸਿੰਘ , ਮੇਜਰ ਸਿੰਘ, ਜਗਰੂਪ ਸਿੰਘ, ਅਬਦੁਲ ਗੱਫਾਰ ਅਤੇ ਗੁਰਜੰਟ ਸਿੰਘ ਹਾਜ਼ਰ ਸਨ।
ਪੁਲੀਸ ਸਾਹਮਣੇ ਸਰਪੰਚ ’ਤੇ ਨਸ਼ਾ ਵਿਕਾਉਣ ਦੇ ਦੋਸ਼ ਲਾਏ
ਇਸ ਮੌਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦੀ ਹਾਜ਼ਰੀ ’ਚ ਪੁਲੀਸ ਵੱਲੋਂ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਸਰਪੰਚ ’ਤੇ ਪਿੰਡ ਵਿੱਚ ਨਸ਼ਾ ਵਿਕਵਾਉਣ ਦੇ ਦੋਸ਼ ਗੰਭੀਰ ਦੋਸ਼ ਲਗਾਏ ਗਏ। ਦੂਜੇ ਪਾਸੇ ਸਰਪੰਚ ਰੁਪਿੰਦਰ ਸਿੰਘ ਪਿੰਦੂ ਨੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਇਸ ਨੌਜਵਾਨ ’ਤੇ ਹੀ ਨਸ਼ਾ ਵੇਚਣ ਦਾ ਪਰਚਾ ਦਰਜ ਹੈ ਉਹ ਉਨ੍ਹਾਂ ਦਾ ਅਤੇ ਪੰਚਾਇਤ ਦਾ ਅਕਸ ਖ਼ਰਾਬ ਕਰ ਰਿਹਾ ਹੈ। ਜੇਕਰ ਉਸ ਕੋਲ ਨਸ਼ਾ ਵੇਚਣ ਵਾਲਿਆਂ ਸਬੰਧੀ ਸਬੂਤ ਹੈ ਤਾਂ ਉਹ ਪੁਲੀਸ ਨੂੰ ਸੌਂਪ ਕੇ ਉਨ੍ਹਾਂ ਤੇ ਕਾਰਵਾਈ ਕਰਵਾ ਸਕਦਾ ਹੈ।