ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਗਸਤ
ਸਨਅਤੀ ਸ਼ਹਿਰ ’ਚ ਐਤਵਾਰ ਦੀ ਦੇਰ ਰਾਤ ਨੂੰ ਡਿਊਟੀ ਤੋਂ ਘਰ ਆ ਰਹੇ ਟਰੈਫਿਕ ਪੁਲੀਸ ਮੁਲਾਜ਼ਮ ਦੀ ਗੱਡੀ ਨੇ 2 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਕਾਰਾਂ ਦੇ ਏਅਰਬੈਗ ਤੱਕ ਖੁੱਲ੍ਹ ਗਏ। ਟਰੈਫਿਕ ਪੁਲੀਸ ਮੁਲਾਜ਼ਮ ਵੀ ਮਾਮੂਲੀ ਰੂਪ ’ਚ ਜ਼ਖਮੀ ਵੀ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਮੁਲਾਜ਼ਮ ਨਸ਼ੇ ਦੀ ਹਾਲਤ ’ਚ ਸੀ ਤੇ ਗੱਡੀ ਚਲਾਉਣ ਤੋਂ ਅਸਮਰਥ ਸੀ। ਥਾਣਾ ਦੁੱਗਰੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਨੂੰ ਟਰੈਫਿਕ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਖਤਮ ਕਰ ਮੁੱਲਾਂਪੁਰ ਦਾਖਾ ਵੱਲ ਜਾ ਰਿਹਾ ਸੀ। ਲੋਕਾਂ ਅਨੁਸਾਰ ਪੁਲੀਸ ਮੁਲਾਜ਼ਮ ਕਾਫ਼ੀ ਨਸ਼ੇ ਦੀ ਹਾਲਤ ’ਚ ਗੱਡੀ ਚਲਾ ਰਿਹਾ ਸੀ, ਜਦੋਂ ਗੱਡੀ ਪੁੱਲ ’ਤੇ ਪੁੱਜੀ ਤਾਂ ਉਸ ਨੇ ਇੱਕ ਇੱਕ ਕਰ 2 ਕਾਰਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੋਹਾਂ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ। ਇਸ ਦੌਰਾਨ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਤੇ ਲੋਕਾਂ ਨੇ ਉਥੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਦੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕੀਤਾ। ਐੱਸਐੱਚਓ ਸਬ-ਇੰਸਪੈਕਟਰ ਗਗਨਦੀਪ ਨੇ ਦੱਸਿਆ ਕਿ ਦੋਹਾਂ ਪੱਖਾਂ ਦੀ ਸ਼ਿਕਾਇਤ ਆ ਗਈ ਸੀ। ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੋਹਾਂ ਪੱਖਾਂ ’ਚ ਸਮਝੋਤੇ ਦੀ ਵੀ ਗੱਲ ਚੱਲ ਰਹੀ ਹੈ। ਜੇਕਰ ਦੋਹਾਂ ਪੱਖਾਂ ’ਚੋਂ ਕੋਈ ਕਾਰਵਾਈ ਲਈ ਕਹੇਗਾ ਤਾਂ ਕਾਰਵਾਈ ਕਰ ਦਿੱਤੀ ਜਾਵੇਗੀ।