ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਈ
ਪੰਜਾਬ ਆਰਟਸ ਕੌਂਸਲ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਅਦਾਰੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਹਰ ਮਹੀਨੇ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਬੰਦਨਵਾਰ’ ਵਿਚ ਇਸ ਵਾਰ ਵਿਸ਼ਵ ’ਤੇ ਮੰਡਰਾ ਰਹੇ ਤੀਜੇ ਵਿਸ਼ਵ ਯੁੱਧ ਦੇ ਸੰਦਰਭ ਵਿਚ ‘ਜੰਗ ਤਾਂ ਖ਼ੁਦ ਇਕ ਮਸਲਾ ਹੈ’ ਵਿਸ਼ੇ ’ਤੇ ਅੰਤਰਰਾਸ਼ਟਰੀ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ। ਅਕੈਡਮੀ ਦੀ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿਚ ਹੋਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰ ਗੁਰਭਜਨ ਗਿੱਲ ਨੇ ਕੀਤੀ। ਕਵੀ ਦਰਬਾਰ ਵਿਚ ਪਾਕਿਸਤਾਨੀ ਪੰਜਾਬ ਤੋਂ ਪ੍ਰੋ. ਸਫ਼ੀਆ ਹਿਆਤ, ਬਨਾਰਸ ਤੋਂ ਹਿੰਦੀ ਕਵੀ ਆਸ਼ੀਸ਼ ਤ੍ਰਿਪਾਠੀ ਅਤੇ ਵੰਦਨਾ ਚੱਬੇ, ਪ੍ਰਤਾਪ ਨਗਰ ਤੋਂ ਰੂਪਮ ਮਿਸ਼ਰਾ, ਪੁਣਛ (ਜੰਮੂ) ਤੋਂ ਸਵਾਮੀ ਅੰਤਰ ਨੀਰਵ, ਦਿੱਲੀ ਤੋਂ ਕੁਮਾਰ ਰਾਜੀਵ ਅਤੇ ਗਗਨਮੀਤ, ਪੰਜਾਬ ਤੋਂ ਤਰਸੇਮ ਅਤੇ ਡਾ. ਸੰਤੋਖ ਸਿੰਘ ਸੁੱਖੀ ਨੇ ਹਿੱਸਾ ਲਿਆ। ਡਾ. ਕੁਲਦੀਪ ਸਿੰਘ ਦੀਪ ਨੇ ਕਵਿਤਾ ਦੇ ਜੰਗ ਆਧਾਰਿਤ ਪ੍ਰਵਚਨਾਂ ਦੀਆਂ ਪਰਤਾਂ ਫੋਲੀਆਂ। ਇਸ ਤੋਂ ਬਾਅਦ ਹਰੇਕ ਸ਼ਾਇਰ ਨੇ ਆਪਣੀ ਕਵਿਤਾ ਵਿਚ ਸਾਮਰਾਜੀ ਜੰਗਾਂ ਦੀ ਮਾਨਵ ਵਿਰੋਧੀ ਅਤੇ ਵਿਨਾਸ਼ਕਾਰੀ ਪਹੁੰਚ ਨੂੰ ਕਵਿਤਾ ਰਾਹੀਂ ਪ੍ਰਸਤੁਤ ਕੀਤਾ। ਗੁਰਭਜਨ ਗਿੱਲ ਨੇ ਕਿਹਾ ਕਿ ਹਰ ਦੌਰ ਵਿਚ ਕਵਿਤਾ ਨੇ ਯੁੱਧ ਦੇ ਵਿਨਾਸ਼ਕਾਰੀ ਰੂਪ ਨੂੰ ਰੱਦ ਕੀਤਾ ਹੈ ਅਤੇ ਅੱਜ ਵੀ ਕਵਿਤਾ ਆਪਣੀ ਭੂਮਿਕਾ ਨਿਭਾ ਰਹੀ ਹੈ।