ਪੱਤਰ ਪ੍ਰੇਰਕ
ਮਾਛੀਵਾੜਾ, 14 ਅਕਤੂਬਰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਦੀਆਂ ਖਿਡਾਰਨਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਗਏ ਖੇਡਾਂ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਛੇ ਸੋਨ ਤਗ਼ਮੇ ਜਿੱਤ ਕੇ ਲਗਾਤਾਰ ਤੀਜੀ ਵਾਰ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਕੋਚ ਲਵੀ ਢਿੱਲੋਂ ਦੀ ਅਗਵਾਈ ਹੇਠ ਖਿਡਾਰਨ ਕੋਮਲਪ੍ਰੀਤ ਕੌਰ, ਦਲਜੀਤ ਕੌਰ ਨੇ 2-2 ਸੋਨ ਤਗ਼ਮੇ, ਸਿਮਰਨਜੀਤ ਕੌਰ ਅਤੇ ਤਰਨਦੀਪ ਕੌਰ ਨੇ 1-1 ਸੋਨ ਤਗ਼ਮਾ ਜਿੱਤਿਆ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਸਟਾਫ਼ ਅਤੇ ਜੇਤੂ ਖਿਡਾਰਨਾਂ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸੁਖਮਿੰਦਰ ਸਿੰਘ ਨੇ ਖਿਡਾਰਣਾਂ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਕਾਲਜ ਦੀਆਂ ਦੋ ਵਿਦਿਆਰਥਣਾਂ ਜੈਸਮੀਨ ਕੌਰ ਤੇ ਕੋਮਲਪ੍ਰੀਤ ਕੌਰ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਜ਼ਿਲ੍ਹੇ ਵਿੱਚੋਂ ਸੋਨ ਤਗ਼ਮਾ ਜਿੱਤ ਕੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੀਆਂ। ਦੋ ਹੋਰ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਤੇ ਦਲਜੀਤ ਕੌਰ ਪੈਕ ਸਿਲਾਟ ਦੇ ਸ੍ਰੀਨਗਰ ਵਿੱਚ ਹੋ ਰਹੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ ਵੀ ਭਾਗ ਲੈਣਗੀਆਂ।