ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜਨਵਰੀ
ਹਰ ਸਾਲ ਸੜਕ ਸੁਰੱਖਿਆ ਹਫ਼ਤਾ ਮਨਾਉਣ ਵਾਲੀ ਸਨਅਤੀ ਸ਼ਹਿਰ ਦੀ ਕਮਿਸ਼ਨਰੇਟ ਪੁਲੀਸ ਇਸ ਵਾਰ ਸੜਕ ਸੁਰੱਖਿਆ ਮਹੀਨਾ ਮਨਾਏਗੀ। ਇਹ ਸੜਕ ਸੁਰੱਖਿਆ ਮਹੀਨਾ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਇਆ ਜਾਵੇਗਾ। ਇਸ ਦੌਰਾਨ ਪੁਲੀਸ ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰੇਗੀ ਤੇ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰੇਗੀ। ਸੜਕ ਸੁਰੱਖਿਆ ਮਹੀਨੇ ਦਾ ਉਦਘਾਟਨ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਢੋਲੇਵਾਲ ਚੌਕ ’ਚ ਸਮਾਗਮ ਦੌਰਾਨ ਕੀਤਾ। ਇਸ ਮੌਕੇ ਪੁਲੀਸ ਵੱਲੋਂ ਔਰਤ ਕਾਂਸਟੇਬਲ ਟੂ ਵੀਲ੍ਹਰ ’ਤੇ ਰੈਲੀ ਕਰਵਾਈ ਗਹੀ। ਰੈਲੀ ਢੋਲੇਵਾਲ ਚੌਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਂਵਾਂ ਤੋਂ ਹੁੰਦੀ ਹੋਈ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੀ। ਇਸ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਨਿਯਮਾਂ ਦਾ ਪਾਲਣ ਕਰਨ। ਇਸ ਮੌਕੇ ਏਡੀਸੀਪੀ ਟ੍ਰੈਫਿਕ ਪ੍ਰੱਗਿਆ ਜੈਨ ਨੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਅੱਖਾਂ ਦੀ ਜਾਂਚ ਦੇ ਲਈ ਕੈਂਪ ਵੀ ਲਾਇਆ ਗਿਆ ਤੇ ਪ੍ਰਦਰਸ਼ਨੀ ਵੀ ਲਾਈ ਗਈ।