ਪੱਤਰ ਪ੍ਰੇਰਕ
ਦੋਰਾਹਾ, 22 ਫ਼ਰਵਰੀ
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਅੱਜ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਵੱਲੋਂ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਪ੍ਰਿੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਮਾਂ ਬੋਲੀ ਦਿਵਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆ ਨੂੰ ਮਾਂ ਬੋਲੀ ਨਾਲ ਜੋੜਨ ਲਈ ਬੁੱਝੋ ਬੁਝਾਰਤਾਂ ਪ੍ਰਸ਼ਨੋਤਰੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 100 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰਸ਼ਨੋਤਰੀ ਰਾਹੀਂ ਜਿਥੇ ਵਿਦਿਆਰਥੀਆਂ ਨੂੰ ਪੰਜਾਬੀ ਦੀਆਂ ਪ੍ਰਸਿੱਧ ਤੇ ਦਿਲਚਸਪ ਲੋਕ ਬੁਝਾਰਤਾਂ ਤੋਂ ਜਾਣੂ ਕਰਵਾਇਆ ਗਿਆ, ਉੱਥੇ ਇਨ੍ਹਾਂ ਬੁਝਾਰਤਾਂ ਰਾਹੀਂ ਰੋਚਕਤਾਪੂਰਨ ਢੰਗ ਨਾਲ ਵਿਦਿਆਰਥੀਆਂ ਦੀ ਮਾਨਸਿਕ ਕਸਰਤ ਵੀ ਹੋਈ। ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕਰਦਿਆਂ ਡਾ. ਸੋਮਪਾਲ ਹੀਰਾ ਤੇ ਪ੍ਰੋ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਮਾਂ ਬੋਲੀ ਪੰਜਾਬੀ ਪ੍ਰਤੀ ਅਹਿਦ ਲਿਆ ਗਿਆ। ਭਾਸ਼ਾ ਵਿਭਾਗ ਦੇ ਨਿਰਦੇਸ਼ ਅਨੁਸਾਰ ਕਾਲਜ ਦੇ ‘ਭਾਸ਼ਾ ਮੰਚ’ ਵੱਲੋਂ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਾਂ ਬੋਲੀ ਪ੍ਰਤੀ ਸਹੁੰ ਚੁੱਕੀ। ਕਾਲਜ ਦੀ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਕਿਹਾ ਕਿ ਮਾਂ ਬੋਲੀ ਨੂੰ ਬਚਾਉਣਾ ਪਰਮ ਕਰਤੱਵ ਹੋਣਾ ਚਾਹੀਦਾ ਅਤੇ ਪੰਜਾਬੀ ਬੋਲੀ, ਪੰਜਾਬੀਅਤ ਦੀ ਹੋਂਦ ਦਾ ਮਸਲਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਨੇ ਇਸ ਬੋਲੀ ਰਾਹੀਂ ਸਮੁੱਚੀ ਮਾਨਵਤਾ ਲਈ ਸੱਚ ਦਾ ਸੰਦੇਸ਼ ਦਿੱਤਾ। ਕਾਲਜ ਦੇ ‘ਭਾਸ਼ਾ ਮੰਚ’ ਦੇ ਸਰਪ੍ਰਸਤ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਹਰ ਪੰਜਾਬੀ ਨੂੰ ਆਪਣੇ ਪਰਿਵਾਰ ਵਿਚ ਪੰਜਾਬੀ ਭਾਸ਼ਾ ਦਾ ਉਪਯੋਗ ਕਰਨ ਲਈ ਪ੍ਰੇਰਿਆ। ਪ੍ਰੋਫੈਸਰ ਸੁਰਿੰਦਰ ਮੋਹਨ ਦੀਪ, ਪ੍ਰੋ. ਕਮਲਜੀਤ ਸਿੰਘ ਸੋਹੀ, ਪ੍ਰੋ. ਕੁਲਦੀਪ ਕੁਮਾਰ ਬੱਤਾ, ਪ੍ਰੋ. ਬਲਬੀਰ ਕੌਰ ਤੋਂ ਇਲਾਵਾ ਨਾਨ ਟੀਚਿੰਗ ਅਮਲੇ ਸਮੇਤ ਵੱਡੀ ਗਿਣਤੀ ਵਿਚ ਕਾਲਜ ਵਿਦਿਆਰਥੀਆਂ ਨੇ ਮਾਤ ਭਾਸ਼ਾ ਪ੍ਰਤੀ ਅਹਿਦ ਕੀਤਾ। ਉੱਧਰ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਡਾ. ਗੁਰਮੀਤ ਸਿੰਘ ਹੁੰਦਲ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਪੱਖ `ਤੇ ਚਾਨਣਾ ਪਾਇਆ।
ਮਾਂ ਬੋਲੀ ਦਿਵਸ ਨੂੰ ਸਮਰਪਿਤ ਭਾਸ਼ਣ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਉੱਘੇ ਵਿਦਵਾਨ ਬਲਵਿੰਦਰ ਸਿੰਘ ਗਰੇਵਾਲ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਮਾਂ ਬੋਲੀ ਉਹ ਹੁੰਦੀ ਹੈ ਜੋ ਮਨੁੱਖ ਆਪਣੀ ਮਾਂ ਤੋਂ ਸਿੱਖ ਕੇ ਵਿਕਾਸ ਕਰਦਾ ਹੈ। ਸਮਾਗਮ ਦੇ ਆਰੰਭ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਬਲਵਿੰਦਰ ਸਿੰਘ ਗਰੇਵਾਲ ਨਾਲ ਜਾਣ- ਪਛਾਣ ਕਰਵਾਈ। ਜਨਮੇਜਾ ਸਿੰਘ ਜੌਹਲ ਨੇ ਕਿਹਾ ਹਰ ਲੇਖਕ ਨੂੰ ਇੱਕ ਜਾਂ ਦੋ ਕਿਤਾਬਾਂ ਬੱਚਿਆਂ ਬਾਰੇ ਜ਼ਰੂਰ ਲਿਖਣੀਆਂ ਚਾਹੀਦੀਆਂ ਹਨ। ਜਦੋਂ ਬੱਚਿਆਂ ਦੀਆਂ ਕਿਤਾਬਾਂ ਦਾ ਅਨੁਵਾਦ ਕਰਦੇ ਹਾਂ ਤਾਂ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੀ ਛੋਹ ਦੇਣੀ ਚਾਹੀਦੀ ਹੈ। ਇਸ ਮੌਕੇ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਕੇ. ਸਾਧੂ ਸਿੰਘ, ਇੰਦਰਜੀਤ ਪਾਲ ਕੌਰ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਕੁਲਵਿੰਦਰ ਕੌਰ ਕਿਰਨ, ਅਮਰਜੀਤ ਸਿੰਘ ਸ਼ੇਰਪੁਰੀ, ਜਗਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਸਮੇਤ ਲੇਖਕ ਤੇ ਸਰੋਤੇ ਹਾਜ਼ਰ ਸਨ।