ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਨਵੰਬਰ
ਕਿਸਾਨ ਭਲਾਈ ਦੇ ਮੂਲ ਮਨੋਰਥ ਨੂੰ ਪਹਿਲ ਦਿੰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਡੇਹਲੋਂ ਦੇ ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਕਲ ਟਿੱਬਾ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸਬਸਿਡੀ ’ਤੇ ਖ਼ਰੀਦੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਪ੍ਰਮਾਣਿਕਤਾ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਗੁਰਮੀਤ ਧਾਲੀਵਾਲ ਵੱਲੋਂ ਕੀਤੀ ਗਈ। ਪਰਾਲੀ ਨੂੰ ਖੇਤਾਂ ਵਿਚ ਹੀ ਸੰਭਾਲਣ ਬਾਰੇ ਖੇਤੀਬਾੜੀ ਵਿਸਥਾਰ ਅਫ਼ਸਰ ਟਿੱਬਾ ਡਾ. ਧਾਲੀਵਾਲ ਅਤੇ ਖੇਤੀਬਾੜੀ ਸਬ ਇੰਸਪੈਕਟਰ ਜਸਵਿੰਦਰ ਕੌਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਡਾ. ਧਾਲੀਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਪੀ ਆਰ 126 ਕਿਸਮ ਦਾ ਬੀਜ ਸੰਭਾਲਣ ਦੇ ਢੰਗ ਤਰੀਕੇ ਵੀ ਦੱਸੇ। ਵਿਭਾਗ ਦੇ ਉੱਦਮ ਕਾਰਨ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਨ ਵਿੱਚ ਦਿਲਚਸਪੀ ਲੈਣ ਲੱਗੇ ਹਨ ਅਤੇ ਮਸ਼ੀਨਾਂ ਦੀਆਂ ਬਾਰੀਕੀਆਂ ਸਮਝ ਕੇ ਵਰਤੋਂ ਕਰ ਰਹੇ ਹਨ। ਇਸ ਮੌਕੇ ਕਿਸਾਨ ਜਗਮੀਤ ਸਿੰਘ ਅਤੇ ਗੁਰਦੀਪ ਸਿੰਘ ਖ਼ਾਨਪੁਰ, ਲਖਵੀਰ ਸਿੰਘ ਸੀਲੋਂ ਕਲਾਂ ਦੇ ਖੇਤਾਂ ਵਿੱਚ ਵਰਤੀਆਂ ਜਾ ਰਹੀਆਂ ਮਸ਼ੀਨਾਂ ਦਾ ਨਿਰੀਖਣ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀਆਂ ਮਸ਼ੀਨਾਂ ਦੇ ਨਾਲ ਵੱਧ ਤੋਂ ਵੱਧ ਰਕਬੇ ਵਿੱਚ ਪਰਾਲੀ ਪ੍ਰਬੰਧਨ ਕਰਨ ਲਈ ਪਿੰਡ ਵਾਸੀਆਂ ਨੂੰ ਸਹਿਯੋਗ ਦੇਣਗੇ।