ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਾਰਚ
ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਨਵੇਂ ਬਣੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਐਕਸ਼ਨ ਮੋਡ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਹਲਕੇ ਦੇ ਵਿਕਾਸ ਕਾਰਜਾਂ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹ ਪਿਛਲੇ ਕਾਫ਼ੀ ਸਮੇਂ ਤੋਂ ਅਧੂਰੀ ਪਈ 32 ਸੈਕਟਰ ਦੇ ਨੇੜੇ ਵਾਲੀ ਸੜਕ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਗਲਾਡਾ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਭੋਲਾ ਗਰੇਵਾਲ ਸੜਕ ਲਈ ਵਰਤੀ ਜਾ ਰਹੀ ਸਮੱਗਰੀ ਦੀ ਜਾਂਚ ਵੀ ਕਰਵਾਈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਭੋਲਾ ਗਰੇਵਾਲ ਨੇ ਦੱਸਿਆ ਕਿ ਆਉਣ ਵਾਲੇ 15 ਦਿਨਾਂ ਦੇ ਵਿਚ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ। ਸੜਕ ਦੀ ਗੁਣਵੱਤਾ ਅਤੇ ਮੋਟਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਹਲਕੇ ਵਿਚ ਹੋਰ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਰਫ਼ਤਾਰ ਘੱਟ ਹੋਣ ਕਰ ਕੇ ਉਨ੍ਹਾਂ ਵੱਲੋਂ ਇਹ ਗੱਲ ਆਖੀ ਗਈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਲੋਕਾਂ ਨੂੰ ਕੰਮ ਕਰਵਾਉਣ ਲਈ ਖੱਜਲ ਨਹੀਂ ਹੋਣਾ ਪਵੇਗਾ। ਜਿਸ ਤਰ੍ਹਾਂ ਵੋਟਾਂ ਮੰਗਣ ਲਈ ਆਮ ਆਦਮੀ ਪਾਰਟੀ ਗਲੀ ਮੁਹੱਲਿਆਂ ਵਿੱਚ ਗਈ ਹੈ ਉਸੇ ਤਰ੍ਹਾਂ ਹੀ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਵੀ ਹਰ ਮੁਹੱਲੇ ਵਿੱਚ ਜਾਇਆ ਜਾਵੇਗਾ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਬਾਰੇ ਸ੍ਰੀ ਗਰੇਵਾਲ ਨੇ ਕਿਹਾ ਕਿ ਆਉਣ ਵਾਲੀ 16 ਮਾਰਚ ਨੂੰ ਪੰਜਾਬ ਦੇ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕਣ ਤੋਂ ਬਾਅਦ ਸਾਰੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਚੱਲ ਰਹੇ ਹਰ ਕਿਸਮ ਦੇ ਮਾਫ਼ੀਆ ਤੇ ਨੱਥ ਪਾਈ ਜਾਵੇਗੀ।