ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਪੈਟਰੋਲ ਡੀਜ਼ਲ, ਰਸੋਈ ਗੈਸ ਤੇ ਰਾਸ਼ਨ ਦੇ ਵੱਧਦੇ ਰੇਟਾਂ ਦੀ ਦੌੜ ਵਿੱਚ ਡੇਅਰੀ ਵਾਲਿਆਂ ਨੇ ਵੀ ਅੱਜ ਦੁੱਧ ਦੇ ਭਾਅ ਵਿੱਚ ਵਾਧਾ ਕਰ ਦਿੱਤਾ ਹੈ। ਲੁਧਿਆਣਾ ਵਿੱਚ ਅੱਜ ਤੋਂ ਡੇਅਰੀ ਵਾਲਿਆਂ ਨੇ 5 ਰੁਪਏ ਪ੍ਰਤੀ ਲਿਟਰ ਦੁੱਧ ਮਹਿੰਗਾ ਕਰ ਦਿੱਤਾ ਹੈ। ਹੁਣ 60 ਰੁਪਏ ਦੀ ਥਾਂ 65 ਰੁਪਏ ਲਿਟਰ ਦੁੱਧ ਮਿਲੇਗਾ। ਇਸ ਤੋਂ ਪਹਿਲਾਂ ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ ਤੇ ਹੈਬੋਵਾਲ ਡੇਅਰੀ ਐਸੋਸੀਏਸ਼ਨ ਵੱਲੋਂ ਦੁੱਧ ਦਾ ਭਾਅ 5 ਰੁਪਏ ਪ੍ਰਤੀ ਲਿਟਰ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਦੂਜੇ ਪਾਸੇ ਡੇਅਰੀ ਵਾਲੇ ਇਸਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਕਿਉਂਕਿ ਪਸ਼ੂਆਂ ਨੂੰ ਪਾਉਣ ਵਾਲਾ ਰਾਸ਼ਨ ਕਾਫ਼ੀ ਮਹਿੰਗਾ ਹੋ ਗਿਆ ਹੈ। ਤਾਜਪੁਰ ਰੋਡ ’ਤੇ ਸ੍ਰੀ ਬਾਬਾ ਲਾਲ ਦਿਆਲ ਜੀ ਡੇਅਰੀ ਫਾਰਮ ਦੇ ਮਾਲਕ ਰਾਕੇਸ਼ ਮਲਹੋਤਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਡੇਅਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਸੀ, ਜਿਸ ’ਚ ਸਭ ਨੇ 5 ਰੁਪਏ ਕਿੱਲੋਂ ਦੁੱਧ ਮਹਿੰਗਾ ਕਰਨ ਦਾ ਫ਼ਾਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿੱਛੇ ਕਾਰਨ ਹੈ ਕਿ ਮੱਝਾਂ-ਗਾਵਾਂ ਨੂੰ ਪਾਉਣ ਵਾਲਾ ਹਰਾ ਚਾਰਾ ਤੇ ਤੂੜੀ ਕਾਫ਼ੀ ਮਹਿੰਗੀ ਹੋ ਚੁੱਕੀ ਹੈ। ਹਰਾ ਚਾਰਾ ਜੋ 90 ਤੋਂ 100 ਰੁਪਏ ਕੁਇੰਟਲ ਸੀ, ਉਹ ਹੁਣ 180 ਤੋਂ 200 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ, ਜਦੋਂ ਕਿ ਤੂੜੀ 200 ਤੋਂ 250 ਰੁਪਏ ਕੁਇੰਟਲ ਤੋਂ ਵਧ ਕੇ 400 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਈ ਹੈ। ਹਰ ਸਾਲ ਮਜ਼ਦੂਰਾਂ ਦੀ ਤਨਖਾਹ ਵੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਦੁੱਧ ਨੂੰ ਇਸ ਭਾਅ ’ਤੇ ਵੇਚਣਾ ਕਾਫ਼ੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਹਾਲੇ ਦਹੀ ਦਾ ਭਾਅ ਨਹੀਂ ਵਧਾਇਆ ਗਿਆ। ਪਨੀਰ ਦਾ ਭਾਅ 320 ਰੁਪਏ ਦੀ ਥਾਂ 340 ਕਰ ਦਿੱਤਾ ਗਿਆ ਹੈ।
ਉਧਰ, ਦੁੱਧ ਲੈਣ ਵਾਲੇ ਲੋਕਾਂ ਕਹਿਣਾ ਹੈ ਕਿ ਸਰਕਾਰ ਹਰ ਪਾਸੇ ਫੇਲ੍ਹ ਸਾਬਤ ਹੋ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਚਾਹੀਦਾ ਹੈ ਕਿ ਰਾਸ਼ਨ ਤੇ ਦੁੱਧ ਦੇ ਰੇਟਾਂ ’ਚ ਹੋ ਰਿਹਾ ਵਾਧਾ ਰੋਕਿਆ ਜਾਵੇ।