ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਨਵੰਬਰ
ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਖਿਲਾਫ਼ ਗਿੱਲ ਰੋਡ ’ਤੇ ਧਰਨੇ ਉੱਤੇ ਬੈਠੇ ਸਨਅਤਕਾਰਾਂ ਨੇ ਅੱਜ ਕੇਂਦਰ ਸਰਕਾਰ ਲਈ ਸੜਕਾਂ ’ਤੇ ਭੀਖ ਮੰਗੀ। ਹੱਥਾਂ ਵਿੱਚ ਕਟੋਰੇ ਫੜ ਕੇ ਸਨਅਤਕਾਰਾਂ ਨੇ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਕੋਲੋਂ ਪੈਸੇ ਮੰਗੇ। ਨਾਲ ਹੀ ਸਨਅਤਕਾਰਾਂ ਨੇ ਲੋਕਾਂ ਨੂੰ ਵੀ ਦੱਸਿਆ ਕਿ ਕਿਵੇਂ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਸਨਅਤਕਾਰ ਸੜਕਾਂ ’ਤੇ ਭੀਖ ਮੰਗਣ ਲਈ ਮਜਬੂਰ ਹੋ ਰਹੇ ਹਨ।
ਬੁੱਧਵਾਰ ਨੂੰ ਗਿੱਲ ਰੋਡ ’ਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨਿਊਫੈਕਚਰਿੰਗ ਐਸੋਸੀਏਸ਼ਨ ਦੇ ਦਫ਼ਤਰ ਬਾਹਰ ਸਟੀਲ ਨਾਲ ਸਬੰਧਤ ਸਨਅਤਕਾਰਾਂ ਨੇ ਹੱਥਾਂ ਵਿੱਚ ਕਟੋਰਾ ਲੈ ਕੇ ਭੀਖ ਮੰਗੀ ਗਈ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਨਅਤਕਾਰਾਂ ਨੇ ਕਿਹਾ ਕਿ ਹਾਲਾਤ ਇੰਨੇ ਬੁਰੇ ਹੋ ਚੁੱਕੇ ਹਨ ਕਿ ਸਰਕਾਰ ਦੇਸ਼ ’ਚ ਮਹਿੰਗਾਈ ਨੂੰ ਰੋਕਣ ’ਚ ਅਸਮਰੱਥ ਸਾਬਿਤ ਹੋ ਗਈ ਹੈ। ਸਰਕਾਰ ਨੂੰ ਸਿਸਟਮ ਨੂੰ ਬਚਾਉਣ ਲਈ ਪੈਸਿਆਂ ਦੀ ਲੋੜ ਹੈ। ਇਸੇ ਦੇ ਚੱਲਦੇ ਰੋਜ਼ਾਨਾ ਦਾ ਸਾਮਾਨ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਸਹਿਯੋਗ ਕਰਨ ਲਈ ਉਨ੍ਹਾਂ ਨੇ ਐਸੋਸੀਏਸ਼ਨ ਦਫ਼ਤਰ ਦੇ ਬਾਹਰ ਭੀਖ ਮੰਗ ਕੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ। ਇਨ੍ਹਾਂ ਪੈਸਿਆਂ ਨੂੰ ਹੁਣ ਉਹ ਸਰਕਾਰ ਨੂੰ ਭੇਜਣਗੇ ਤਾਂ ਕਿ ਸਨਅਤਕਾਰਾਂ ਦੇ ਦਰਦ ਨੂੰ ਸਮਝਦੇ ਹੋਏ ਸਰਕਾਰ ਸਟੀਲ ਦੇ ਭਾਅ ਨੂੰ ਕਾਬੂ ਵਿੱਚ ਲਿਆਉਣ ਲਈ ਸਟੀਲ ਰੈਗੂਲੇਟਰੀ ਅਥਾਰਿਟੀ ਦਾ ਗਠਨ ਕਰੇ। ਸਨਅਤਕਾਰਾਂ ਨੇ ਕਿਹਾ ਕਿ ਇੰਡਸਟਰੀ ਲਈ ਕੱਚੇ ਮਾਲ ਦੇ ਭਾਅ ਲਗਾਤਾਰ ਵੱਧਣ ਨਾਲ ਜੋ ਹਾਲਾਤ ਪੈਦਾ ਹੋ ਰਹੇ ਹਨ, ਉਸਦੇ ਚੱਲਦੇ ਇਸ ਸਮੇਂ ਇੰਡਸਟਰੀ ਨੂੰ ਚਲਾਉਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੀਲ ਅਥਾਰਿਟੀ ਦਾ ਗਠਨ ਕਰਨ ਅਤੇ ਕੱਚੇ ਮਾਲ ਦੇ ਭਾਅ ਨੂੰ ਕਾਬੂ ਵਿੱਚ ਕਰਨ ਲਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਚਰਨਜੀਤ ਸਿੰਘ ਵਿਸ਼ਵਕਰਮਾ, ਅਵਤਾਰ ਸਿੰਘ ਭੋਗਲ, ਗੁਰਮੀਤ ਸਿੰਘ ਕੁਲਾਰ, ਰਾਜੀਵ ਜੈਨ, ਉਪਕਾਰ ਸਿੰਘ ਆਹੂਜਾ ਤੇ ਜਗਤਵੀਰ ਸਿੰਘ ਬਿੱਟੂ ਆਦਿ ਹਾਜ਼ਰ ਸਨ।