ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਸਤੰਬਰ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ 27 ਸਤੰਬਰ ਦੇ ਭਾਰਤ ਬੰਦ ਦੀ ਕਾਮਯਾਬੀ ਲਈ ਪਿੰਡਾਂ ਤੇ ਕਸਬਿਆਂ ਵਿੱਚ ਜਨ-ਸੰਪਰਕ, ਪ੍ਰਚਾਰ ਤੇ ਲਾਮਬੰਦੀ ਲਈ ਕਿਸਾਨ-ਮਜ਼ਦੂਰ ਕਾਫਲਾ ਮਾਰਚ ਕਰਨ ਦੇ ਨਾਲ ਨਾਲ ਰੈਲੀਆਂ ਜੱਥੇਬੰਦ ਕੀਤੀਆਂ ਜਾ ਰਹੀਆਂ ਹਨ। ਮੁਲਾਜ਼ਮ ਤੇ ਕਿਸਾਨ ਆਗੂਆਂ ਸਤਨਾਮ ਸਿੰਘ ਮੋਰਕਰੀਮਾ, ਮਾ. ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਕੁਲਦੀਪ ਸਿੰਘ ਐਡਵੋਕੇਟ, ਉਜਾਗਰ ਸਿੰਘ ਬੱਦੋਵਾਲ, ਮਲਕੀਤ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ, ਆਤਮਾ ਸਿੰਘ ਬੋਪਾਰਾਏ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਕਾਮਯਾਬ ਬਣਾ ਕੇ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚਾ ਦੇ ਸਦੇ ’ਤੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿਚ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ। ਇਸ ਵਿਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦ ਸਕਤਰ ਡਾ. ਗੁਰਚਰਨ ਸਿੰਘ ਬੜਿੰਗ ਤੇ ਅਜਮੇਰ ਸਿੰਘ ਬੜਿੰਗ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਬਲੌਰ ਸਿੰਘ ਫੇਰੂਰਾਂਈ ਤੇ ਹਰਨੇਕ ਸਿੰਘ ਅੱਚਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੂ ਦੇ ਸੂਬਾ ਮੀਤ ਪ੍ਰਧਾਨ ਦਲਜੀਤ ਗੋਰਾ ਤੇ ਪਰਕਾਸ਼ ਸਿੰਘ ਬਰਮੀ, ਟਰੱਕ ਯੂਨੀਅਨ ਦੇ ਮਨਦੀਪ ਸਿੰਘ ਰਾਏ ਤੇ ਹਰਪ੍ਰੀਤ ਸਿੰਘ ਰਾਏਕੋਟ, ਏਟਕ ਦੇ ਕਰਤਾਰ ਰਾਮ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਸਥਾਨਕ ਹਰੀ ਸਿੰਘ ਨਲੂਆ ਚੌਕ ’ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਸੜਕ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੱਗੇ ਪੱਕੇ ਮੋਰਚੇ ਤੋਂ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਸਾਂਝੇ ਤੌਰ ’ਤੇ ਇਲਾਕੇ ਦੇ ਪਿੰਡਾਂ ਜੜਤੌਲੀ, ਘੁੰਗਰਾਣਾ, ਛਪਾਰ, ਧੂਰਕੋਟ, ਕਾਲਖ, ਮਾਜਰੀ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਸਾਇਆਂ, ਸ਼ੰਕਰ, ਗੁਰਮ, ਮੁੰਕਦਪੁਰ, ਡੇਹਲੋਂ, ਰੰਗੀਆਂ ਆਦਿ ਪਿੰਡਾਂ ਵਿੱਚ ਰਾਹੀਂ ਮਾਰਚ ਕਰ ਕੇ ਲੋਕਾਂ ਨੂੰ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮਾਰਚ ਦੀ ਅਗਵਾਈ ਪਰਮਜੀਤ ਕੌਰ ਜੜਤੌਲੀ, ਕਰਮਜੀਤ ਕੌਰ ਨਾਰੰਗਵਾਲ, ਗੁਰਬਚਨ ਕੌਰ ਘੁੰਗਰਾਲ਼ਾਂ, ਰਣਜੀਤ ਕੌਰ ਗੁੱਜਰਵਾਲ, ਰਜਿੰਦਰ ਕੌਰ ਜੜਤੌਲੀ ਨੇ ਕੀਤੀ। ਇਸ ਮੌਕੇ ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋਂ ਨੇ ਸੰਬੋਧਨ ਕੀਤਾ।
ਆਮ ਆਦਮੀ ਪਾਰਟੀ ਵੱਲੋਂ ਭਾਰਤ ਬੰਦ ਦੀ ਹਮਾਇਤ ਦਾ ਐਲਾਨ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਆਮ ਆਦਮੀ ਪਾਰਟੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਇਸ ’ਚ ਵੱਧ ਚੜ੍ਹ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਵਿਰੋਧੀ ਧਿਰ ਦੀ ਉਪ ਨੇਤਾ ਅਤੇ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਇੱਥੇ ਪਾਰਟੀ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਾਲੰਟੀਅਰਾਂ ਨੂੰ ਭਾਰਤ ਬੰਦ ’ਚ ਕਿਸਾਨੀ ਝੰਡੇ ਲੈ ਕੇ ਧਰਨਿਆਂ ’ਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।