ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੂਨ
‘ਅੰਗਰੇਜ਼ਾਂ ਪਾਸੋਂ ਅਜ਼ਾਦੀ ਹਾਸਲ ਕਰਨ ਉਪਰੰਤ ਭਾਰਤ ਦੀ ਕੇਂਦਰ ਸਰਕਾਰ ਨੇ ਇਸ ਦੇਸ਼ ਨੂੰ ਖੁਦ ਮੁਖਤਆਰ ਕੌਮੀ ਰਾਜਾਂ ਦੀ ਇਕ ਫੈਡਰੇਸ਼ਨ ਵਜੋਂ ਵਿਕਸਿਤ ਕਰਨ ਦੀ ਥਾਂ ਸੂਬਿਆਂ ਕੋਲੋਂ ਤਾਕਤਾਂ ਖੋਹ ਕੇ ਦੇਸ਼ ਨੂੰ ਇਕ ਏਕਾਤਮਿਕ ਰਾਜ ਵਿੱਚ ਬਦਲ ਦੇਣ ਦੀਆਂ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ ਹਨ।’ ਇਹ ਗੱਲ ਅੱਜ ਇਥੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਤੇ ਹਰਬੰਸ ਸਿੰਘ ਮਾਂਗਟ ਨੇ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਕਿਸੇ ਕਿਸਮ ਦਾ ਬੁਨਿਆਦੀ ਫ਼ਰਕ ਨਹੀਂ ਹੈ, ਦੋਵਾਂ ਨੇ ਹੀ ਇਕ ਦੇਸ਼, ਇਕ ਮੰਡੀ, ਭਾਸ਼ਾ, ਟੈਕਸ ਪ੍ਰਣਾਲੀ ਵਰਗੇ ਨਿਯਮ ਲਾਗੂ ਕਰਕੇ ਦੇਸ਼ ਨੂੰ ਬਰਬਾਦੀ ਵੱਲ ਧੱਕਿਆ ਹੈ। ਭਾਰਤ ਇਕ ਬਹੁਕੌਮੀ ਦੇਸ਼ ਹੈ, ਇਸ ਨੂੰ ਕੌਮੀ ਪਹਿਚਾਣ ਭਾਸ਼ਾ ਦੇ ਅਧਾਰ ਤੇ ਖੁਦ ਮੁਖਤਿਆਰ ਫੈਡਰੇਸ਼ਨ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਭਾਰਤੀ ਫ਼ੌਜ ਵੱਲੋਂ ਹਰਿਮੰਦਰ ਸਾਹਿਬ ਤੇ ਵਿਸ਼ਾਲ ਜਨ ਅੰਦੋਲਨ ਨੂੰ ਕੁਚਲਣ ਲਈ ਹਮਲਾ ਕੀਤਾ ਗਿਆ, ਜਿਸ ਨੂੰ ਅਪਰੇਸ਼ਨ ਬਲਿਊ ਸਟਾਰ ਦਾ ਨਾਂਅ ਦਿੱਤਾ ਗਿਆ ਸੀ। ਇਸ ਲਈ ਆਓ ਅੱਜ ਅਸੀਂ ਮਿਲ ਕੇ ਇਸ ਅਪਰੇਸ਼ਨ ਨੂੰ ਯਾਦ ਕਰਦਿਆਂ ਫੈਡਰਲਿਜ਼ਮ ਦੇ ਪੱਖ ’ਚ ਖੜ੍ਹੇ ਹੋਣ ਦਾ ਪ੍ਰਣ ਦੋਹਰਾਈਏ।