ਗਗਨਦੀਪ ਅਰੋੜਾ
ਲੁਧਿਆਣਾ, 20 ਜੂਨ
ਦੇਸ਼ ਦੀਆਂ ਤਿਨੋਂ ਸੈਨਾਵਾਂ ਵਿੱਚ ਭਰਤੀ ਸਕੀਮ ਅਗਨੀਪਥ ਦੇ ਵਿਰੋਧ ’ਚ ਦਿੱਤੇ ਗਏ ਭਾਰਤ ਬੰਦ ਦਾ ਸੱਦਾ ਲੁਧਿਆਣਾ ਵਿੱਚ ਬੇਅਸਰ ਰਿਹਾ। ਭਾਰਤ ਬੰਦ ਦੇ ਸੱਦੇ ਤੋਂ ਬਾਅਦ ਅੱਜ ਸਵੇਰੇ ਤਾਂ ਕੁਝ ਦੁਕਾਨਾਂ ਬੰਦ ਰਹੀਆਂ, ਪਰ 10-11 ਵਜੇ ਸਾਰੇ ਹੀ ਬਾਜ਼ਾਰ ਖੁੱਲ੍ਹ ਗਏ ਤੇ ਲੋਕਾਂ ਦੀ ਆਵਾਜਾਈ ਜਿਉਂ ਦੀ ਤਿਉਂ ਰਹੀ। ਇੱਥੇ ਭਾਵੇਂ ਬੰਦ ਦਾ ਸੱਦਾ ਬੇਅਸਰ ਸੀ, ਪਰ ਪੂਰਾ ਸ਼ਹਿਰ ਅੱਜ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਿਕ ਸ਼ਹਿਰ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਹਰ ਮੁੱਖ ਚੌਕ ’ਤੇ ਪੁਲੀਸ ਦਾ ਸਖ਼ਤ ਪਹਿਰਾ ਸੀ। ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ’ਤੇ ਸ਼ਨਿੱਚਰਵਾਰ ਨੂੰ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਬਾਜ਼ਾਰਾਂ ਵਿੱਚ ਸੁਰੱਖਿਆ ਬਲ ਤਾਇਨਾਤ ਹਨ। ਇਸ ਤੋਂ ਇਲਾਵਾ ਅੱਜ ਸਬ-ਡਿਵੀਜ਼ਨਲ ’ਤੇ ਤਾਇਨਾਤ ਸਾਰੇ ਏਸੀਪੀਜ਼ ਨੂੰ ਪੂਰਾ ਦਿਨ ਫੀਲਡ ’ਚ ਰੱਖਿਆ ਗਿਆ ਹੈ। ਦੂਜੇ ਪਾਸੇ ਭਾਰਤ ਬੰਦ ਦੇ ਸੱਦੇ ਕਾਰਨ ਸੁਰੱਖਿਆ ਦੇ ਇੰਤਜਾਮ ਦੇਖਣ ਦੇ ਲਈ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਆਪਣੀ ਪੂਰੀ ਟੀਮ ਦੇ ਨਾਲ ਸੜਕਾਂ ’ਤੇ ਰਹੇ। ਪੁਲੀਸ ਕਮਿਸ਼ਨਰ ਪਹਿਲਾਂ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਦੇ ਪ੍ਰਬੰਧ ਦੇਖਣ ਲਈ ਗਏ ਤੇ ਮਗਰੋਂ ਬਾਹਰ ਦੇ ਸਾਰੇ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਬੱਸ ਸਟੈਂਡ ’ਤੇ ਪ੍ਰਬੰਧਾਂ ਨੂੰ ਚੈੱਕ ਕੀਤਾ। ਇਸ ਦੇ ਨਾਲ ਹੀ ਭਾਜਪਾ ਦੇ ਦਫ਼ਤਰ ਨੂੰ ਪੁਲੀਸ ਨੇ ਸੁਰੱਖਿਆ ਘੇਰੇ ’ਚ ਰੱਖਿਆ। ਦਫ਼ਤਰ ਦੇ ਮੀਟਿੰਗ ਹਾਲ ’ਚ ਪੁਲੀਸ ਮੁਲਾਜ਼ਮ ਤਾਇਨਾਤ ਸਨ।
ਖੰਨਾ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਬਲ ਤਾਇਨਾਤ
ਖੰਨਾ (ਨਿੱਜੀ ਪੱਤਰ ਪ੍ਰੇਰਕ): ਅਗਨੀਪਥ ਯੋਜਨਾ ਦੇ ਵਿਰੋਧ ਕਾਰਨ ਅੰਬਾਲਾ-ਲੁਧਿਆਣਾ ਮੁੱਖ ਰੇਲ ਮਾਰਗ ’ਤੇ ਪੈਂਦੇ ਰੇਲਵੇ ਸਟੇਸ਼ਨ ਖੰਨਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਪੰਜਾਬ ਪੁਲੀਸ, ਜੀਆਰਪੀ ਤੇ ਆਰਪੀਐੱਫ ਵੱਲੋਂ ਸਾਂਝੇ ਤੌਰ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਐੱਸਐੱਸਪੀ ਰਵੀ ਕੁਮਾਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਗਸ਼ਤ ਤੇਜ਼ ਕਰਨ ਤੇ ਪਲ ਪਲ ਦੀ ਖ਼ਬਰ ਰੱਖਣ ਲਈ ਕਿਹਾ, ਰਾਤ ਸਮੇਂ ਰੇਲਵੇ ਟਰੈਕ ’ਤੇ ਪੁਲੀਸ ਦੀ ਗਸ਼ਤ ਨੂੰ ਲਾਜ਼ਮੀ ਬਣਾਉਣ ਦੇ ਹੁਕਮ ਦਿੱਤੇ। ਐੱਸਐੱਸਪੀ ਨੇ ਕਿਹਾ ਲੁਧਿਆਣਾ ਘਟਨਾ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹਨ, ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਮਨ ਕਾਨੂੰਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਟਰੈਫਿਕ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਤੇ ਸੁਧੀਰ ਮਲਿਕ ਹਾਜ਼ਰ ਸਨ।