ਗਗਨਦੀਪ ਅਰੋੜਾ
ਲੁਧਿਆਣਾ, 26 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਵੀਰਵਾਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਲੁਧਿਆਣਾ ’ਚ ਭਰਵਾਂ ਹੁੰਗਾਰਾ ਮਿਲਿਆ। ਹਾਲਾਂਕਿ ਸਵੇਰੇ ਸ਼ਹਿਰ ਦੇ ਕਈ ਇਲਾਕਿਆਂ ’ਚ ਦੁਕਾਨਾਂ ਖੁੱਲ੍ਹ ਗਈਆਂ ਸਨ ਪਰ ਕਿਸਾਨ ਆਗੂਆਂ ਦੇ ਪੁੱਜਦੇ ਹੀ ਦੁਕਾਨਾਂ ਬੰਦ ਹੋ ਗਈਆਂ। ਸ਼ਹਿਰ ਦੇ ਫਿਰੋਜ਼ਪੁਰ ਰੋਡ, ਭਾਰਤ ਨਗਰ ਚੌਕ, ਸਮਰਾਲਾ ਚੌਕ ਤੇ ਲਾਡੋਵਾਲ ਵਿੱਚ ਕਿਸਾਨਾਂ ਨੇ ਟਰੈਕਟਰ ਵਿੱਚ ਲਾ ਕੇ ਰਸਤੇ ਨੂੰ ਬੰਦ ਕਰ ਦਿੱਤਾ। ਇਸ ਬੰਦ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਹੋਈ। ਬੰਦ ਦੇ ਸੱਦੇ ਨੂੰ ਦੇਖਦੇ ਹੋਏ ਬੱਸ ਅੱਡੇ ਤੇ ਰੇਲਵੇ ਸਟੇਸ਼ਨ ’ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਮੈਡੀਕਲ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਥਾਵਾਂ ’ਤੇ ਪੁਲੀਸ ਨੂੰ ਮੁਸਤੈਦ ਕੀਤਾ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਬੰਦ ਦੇ ਚੱਲਦੇ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰਸਤੇ ’ਚ ਹੀ ਰੋਕ ਦਿੱਤਾ ਗਿਆ। ਇਸ ਲਈ ਸਵੇਰ ਤੋਂ ਹੀ ਰੇਲ ਗੱਡੀਆਂ ਦੀ ਉਡੀਕ ’ਚ ਬੈਠੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਧਰ, ਰੇਲਵੇ ਅਧਿਕਾਰੀਆਂ ਦਾ ਸਾਫ਼ ਕਹਿਣਾ ਸੀ ਕਿ ਉਹ ਖੁਦ ਨਹੀਂ ਦੱਸ ਸਕਦੇ ਕਿ ਰੇਲ ਗੱਡੀਆਂ ਕਦੋਂ ਤੱਕ ਸਟੇਸ਼ਨ ’ਤੇ ਪੁੱਜਣਗੀਆਂ। ਲਾਡੋਵਾਲ ਟੌਲ ਪਲਾਜ਼ਾ ’ਤੇ ਐੱਮ.ਬੀ.ਡੀ. ਮਾਲ ਬਾਹਰ ਲੱਗੇ ਕਿਸਾਨਾਂ ਦੇ ਪੱਕੇ ਮੋਰਚਿਆਂ ’ਤੇ ਵੀ ਵੱਡੀ ਗਿਣਤੀ ’ਚ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਲੇ ਕਾਨੂੰਨ ਵਾਪਸ ਲੈਣ ਲਈ ਆਖਿਆ।
ਲੁਧਿਆਣਾ ਵਿਚ ਕਈ ਥਾਵਾਂ ’ਤੇ ਦੁਕਾਨਦਾਰ ਤੇ ਕਿਸਾਨ ਆਹਮੋਂ ਸਾਹਮਣੇ ਹੋ ਗਏ। ਕਿਸਾਨ ਦੁਕਾਨਾਂ ਬੰਦ ਕਰਵਾ ਰਹੇ ਸਨ ਤੇ ਦੁਕਾਨਦਾਰ ਇਹ ਜਿੱਦ ’ਤੇ ਅੜ੍ਹੇ ਸਨ ਕਿ ਪਹਿਲਾਂ ਹੀ ਕਰੋਨਾ ਤੇ ਰਾਤ ਦੇ ਕਰਫਿਊ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੈ, ਉਹ ਕਿਸਾਨਾਂ ਦੇ ਨਾਲ ਹਨ ਪਰ ਦੁਕਾਨਾਂ ਬੰਦ ਨਹੀਂ ਕਰ ਸਕਦੇ। ਇਸੇ ਨੂੰ ਲੈ ਕੇ ਗੁੜ ਮੰਡੀ ਦੇ ਬਾਹਰ ਤੇ ਰੇਲਵੇ ਸਟੇਸ਼ਨ ਦੇ ਬਾਹਰ ਦੁਕਾਨਦਾਰਾਂ ਦੀ ਬਹਿਸ ਵੀ ਹੋਈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਅੱਜ ਵੱਖ ਵੱਖ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ 12 ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਸ਼ਹਿਰ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ, ਵਪਾਰੀਆਂ ਅਤੇ ਆਮ ਦੁਕਾਨਦਾਰਾਂ ਨੇ ਆਪਣੇ ਹਰ ਤਰ੍ਹਾਂ ਦੇ ਕਾਰੋਬਾਰ ਬੰਦ ਰੱਖੇ। ਇਸ ਮੌਕੇ ਕਿਸਾਨਾਂ ਨੇ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਯਾਤਰੀ ਰੇਲ ਗੱਡੀ ਨੂੰ ਰੋਕਿਆ। ਕਿਸਾਨ ਆਗੂ ਦਲਜੀਤ ਸਿੰਘ ਸਵੈਚ ਅਤੇ ਕਸ਼ਮੀਰਾ ਸਿੰਘ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਮਾਰੂ ਨੀਤੀਆਂ ਅਪਣਾਕੇ ਆਮ ਲੋਕਾਂ ਦਾ ਗਲਾ ਘੁੱਟਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰ ਸੰਘਰਸ਼ ਕਰਨ ਲਈ ਤਿਆਰ ਹਨ।
ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਅਤੇ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਦਾ ਜਵਾਬ ਮੋਦੀ ਸਰਕਾਰ ਨੂੰ ਦੇਣਾ ਹੀ ਪਵੇਗਾ। ਇਸ ਮੌਕੇ ਹਰਮਿੰਦਰ ਸਿੰਘ ਰਹੌਣ, ਬਲਵੀਰ ਸਿੰਘ ਸੁਹਾਵੀ, ਗੁਰਤਿੰਦਰ ਸਿੰਘ ਵਾਲੀਆ, ਅਵਤਾਰ ਸਿੰਘ ਭੱਟੀਆ, ਜਗਤਾਰ ਸਿੰਘ ਸੇਖੋਂ ਆਦਿ ਹਾਜ਼ਰ ਸਨ। ਇਸ ਮੌਕੇ ਪਿੰਡ ਭਾਂਦਲਾ ਵਿਖੇ ਆਲੇ ਦੁਆਲੇ ਦੇ ਪਿੰਡਾਂ ਨਿਊਆਂ, ਮਾਣਕ ਮਾਜਰਾ, ਅਲੀਪੁਰ, ਅਲੌੜ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਬੰਦ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ।
ਜਗਰਾਉਂ (ਜਸਬੀਰ ਸ਼ੇਤਰਾ): ਭਾਰਤ ਬੰਦ ਦੇ ਸੱਦੇ ਨੂੰ ਜਗਰਾਉਂ ਇਲਾਕੇ ’ਚ ਭਰਪੂਰ ਹਮਾਇਤ ਮਿਲੀ। ਇਸ ਸੱਦੇ ਕਰਕੇ ਜਿੱਥੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ, ਉਥੇ ਹੀ ਕਿਸਾਨਾਂ ਨੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਨਾਨਕਸਰ ਨੇੜੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ। ਬੰਦ ਕਰਕੇ ਰੇਲ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਬੱਸੂਵਾਲ, ਰੂਮੀ, ਚੀਮਾ, ਅਖਾੜਾ ਆਦਿ ਪਿੰਡਾਂ ’ਚੋਂ ਕਈ ਕਿਸਾਨ ਪੈਦਲ ਜਥਿਆਂ ਦੇ ਰੂਪ ’ਚ ਧਰਨੇ ’ਚ ਸ਼ਮੂਲੀਅਤ ਲਈ ਪੁੱਜੇ। ਚੌਕੀਮਾਨ ਟੌਲ ਪਲਾਜ਼ਾ ’ਤੇ ਵੀ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ। ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਖਰੀਦ ਸਬੰਧੀ ਨਵੀਆਂ ਸ਼ਰਤਾਂ ਲਾਉਣ, ਮੋਦੀ ਸਰਕਾਰ ਵਲੋਂ ਤੇਲ ਤੇ ਰਸੋਈ ਗੈਸ ਕੀਮਤਾਂ ’ਚ ਵਾਧੂ ਵਾਧੇ ਤੋਂ ਬਾਅਦ ਹੁਣ ਖਾਦਾਂ ਦੀਆਂ ਕੀਮਤਾਂ ’ਚ ਵੀ ਚੁੱਪ ਚੁਪੀਤੇ ਵਾਧਾ ਕੀਤਾ ਗਿਆ ਹੈ। ਇਹ ਸਾਰਾ ਕੁਝ ਕਿਸਾਨਾਂ ਨੂੰ ਵਧੇਰੇ ਆਰਥਿਕ ਨੁਕਸਾਨ ਪਹੁੰਚਾਉਣ ਅਤੇ ਹੌਸਲੇ ਤੋੜਨ ਲਈ ਕੀਤਾ ਜਾ ਰਿਹਾ ਹੈ, ਜੋ ਕਿ ਮਹਿਜ਼ ਕੇਂਦਰ ਸਰਕਾਰ ਦਾ ਇਕ ਭੁਲੇਖਾ ਹੈ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੌਰਾਨ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਦੇ ਨੇੜੇ ਹੀ ਲੁਧਿਆਣਾ-ਦਿੱਲੀ ਵਾਇਆ ਧੂਰੀ-ਹਿਸਾਰ ਰੇਲ ਮਾਰਗ ਉੱਪਰ ਪਿੰਡ ਰੰਗੀਆਂ ਦੇ ਰੇਲਵੇ ਫਾਟਕਾਂ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਵੱਲੋਂ ਧਰਨਾ ਮਾਰ ਕੇ ਰੇਲ ਦਾ ਚੱਕਾ ਜਾਮ ਕਰ ਦਿੱਤਾ ਗਿਆ। ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਦੇ ਰੇਲ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ 26 ਮਾਰਚ ਨੂੰ ਤੜਕਸਾਰ 3.40 ਵਜੇ ਡੀਜ਼ਲ ਮਾਲ ਗੱਡੀ ਦੇ ਲੰਘਣ ਬਾਅਦ ਕੋਈ ਵੀ ਮਾਲ ਜਾਂ ਸਵਾਰੀ ਗੱਡੀ ਇਸ ਰੇਲ ਮਾਰਗ ਉੱਪਰ ਨਹੀਂ ਚੱਲ ਸਕੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ, ਗੁਰਪ੍ਰੀਤ ਸਿੰਘ ਨੂਰਪੁਰਾ, ਚਰਨ ਸਿੰਘ ਨੂਰਪੁਰਾ, ਸੁਰਿੰਦਰ ਸਿੰਘ ਗੋਪਾਲਪੁਰ, ਹਰਮੀਤ ਸਿੰਘ ਘੁੰਗਰਾਣਾ, ਗੁਰਦੀਪ ਸਿੰਘ ਬੁਟਾਹਰੀ, ਬਲਜਿੰਦਰ ਸਿੰਘ ਗੁੱਜਰਵਾਲ ਨੇ ਕਿਹਾ ਕਿ ਭਲਕ ਤੋਂ 31 ਮਾਰਚ ਤੱਕ ਚਾਰ ਦਿਨ ਲਈ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਵੀ ਜਾਮ ਕੀਤੀ ਜਾਵੇਗੀ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਭਾਰਤ ਬੰਦ ਦੇ ਸੱਦੇ ’ਤੇ ਜਿੱਥੇ ਅੱਜ ਰਾਏਕੋਟ ਦੇ ਸਾਰੇ ਬਾਜ਼ਾਰ ਬੰਦ ਰਹੇ, ਉੱਥੇ ਸ਼ਹਿਰ ਦੇ ਬਰਨਾਲਾ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਡੀਟੀਐੱਫ, ਆੜ੍ਹਤੀਆ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ਸਮੇਤ ਸ਼ਹਿਰ ਦੀਆਂ ਸਾਰੀਆਂ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ ਵੱਡਾ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਲੁਧਿਆਣਾ (ਗੁਰਿੰਦਰ ਸਿੰਘ): ਅੱਜ ਵੱਖ ਵੱਖ ਥਾਵਾਂ ’ਤੇ ਧਰਨੇ ਦੇ ਕੇ ਚੱਕਾ ਜਾਮ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਸਾਹਮਣੇ ਲਗਾਏ ਗਏ ਪੱਕੇ ਮੋਰਚੇ ਵਾਲੀ ਥਾਂ ’ਤੇ ਸੜਕ ਜਾਮ ਕੀਤੀ ਗਈ। ਇਸ ਮੌਕੇ ਹੋਈ ਰੈਲੀ ਦੌਰਾਨ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਬੰਦ ਦੀ ਸਫ਼ਲਤਾ ’ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਅਤੇ ਮਜ਼ਦੂਰਾਂ ਦਾ ਨਹੀਂ ਬਲਕਿ ਜਨ ਅੰਦੋਲਨ ਹੈ। ਰੈਲੀ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਵੀ ਪੁੱਜੀਆਂ ਹੋਈਆਂ ਸਨ। ਇਸ ਮੌਕੇ ਹਰਪ੍ਰੀਤ ਕੌਰ, ਹਰਜੀਤ ਕੌਰ ਦਾਖਾ, ਇੰਦਰਜੀਤ ਸਿੰਘ ਮੱਕੜ, ਨਿਰਮਲ ਸਿੰਘ ਯੂਪੀ, ਅਜੀਤ ਸਿੰਘ ਦਾਖਾ, ਦਰਸ਼ਨ ਸਿੰਘ, ਸੰਨੀ ਥਰੀਕੇ ਅਤੇ ਮਨਜੀਤ ਸਿੰਘ ਬੁਢੇਲ ਨੇ ਵੀ ਸੰਬੋਧਨ ਕੀਤਾ।
ਧਰਨਾਕਾਰੀਆਂ ਨੇ ਐਂਬੂਲੈਂਸਾਂ ਨੂੰ ਦਿੱਤਾ ਰਾਹ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੇ ਸੱਦੇ ਦੌਰਾਨ ਭੀੜ-ਭੜੱਕੇ ਵਾਲਾ ਸਮਰਾਲਾ ਚੌਕ ਵੀ ਪੂਰੀ ਤਰ੍ਹਾਂ ਸੁੰਨਾ ਰਿਹਾ। ਇਸ ਮੌਕੇ ਜਿੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਧਰਨੇ ਲਾਏ ਗਏ, ਉੱਥੇ ਆਮ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਵੀ ਬੰਦ ਨੂੰ ਕਾਮਯਾਬ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਜਲੰਧਰ ਵਾਲੇ ਪਾਸਿਓਂ ਜੀਟੀ ਰੋਡ ’ਤੇ ਪੁਲੀਸ ਮੁਲਾਜ਼ਮ ਆਪ ਬੈਰੀਕੇਡ ਲਗਾ ਕਿ ਵਾਹਨ ਚਾਲਕਾਂ ਨੂੰ ਹੋਰ ਰਸਤੇ ਰਾਹੀਂ ਜਾਣ ਦੇ ਇਸ਼ਾਰੇ ਕਰਦੇ ਦੇਖੇ ਗਏ। ਇਸ ਮੌਕੇ ਧਰਨਾਕਾਰੀਆਂ ਵੱਲੋਂ ਭਾਵੇਂ ਆਮ ਗੱਡੀਆਂ, ਦੋ ਪਹੀਆ ਚਾਲਕਾਂ ਨੂੰ ਲੰਘਣ ਤੋਂ ਰੋਕਿਆ ਜਾ ਰਿਹਾ ਸੀ ਪਰ ਐਂਬੂਲੈਂਸ ਅਤੇ ਹੋਰ ਜ਼ਰੂਰੀ ਕੰਮ ਲਈ ਜਾਣ ਵਾਲਿਆਂ ਨੂੰ ਖੁਦ ਰਸਤਾ ਵੀ ਦਿੰਦੇ ਦੇਖੇ ਗਏ। ਧਰਨਾ ਲਗਾਉਣ ਵਾਲਿਆਂ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਂਬੂਲੈਂਸਾਂ, ਵਿਆਹਾਂ ਦੀਆਂ ਗੱਡੀਆਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਜਾਣ ਵਾਲਿਆਂ ਨੂੰ ਰਾਹ ਦੇਣ ਦੀ ਹਦਾਇਤ ਕੀਤੀ ਹੋਈ ਸੀ।
ਕਿਸਾਨਾਂ ਦੇ ਹੱਕ ’ਚ ਆਏ ਪੀਏਯੂ ਦੇ ਸਾਇੰਸਦਾਨ, ਮੁਲਾਜ਼ਮ ਤੇ ਵਿਦਿਆਰਥੀ
ਲੁਧਿਆਣਾ (ਸਤਵਿੰਦਰ ਬਸਰਾ): ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀਏਯੂ ਐਂਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਦਾ ਅੱਜ ਪੂਰੀ ਤਰ੍ਹਾਂ ਸਮਰਥਨ ਕੀਤਾ। ਕਿਸਾਨਾਂ ਦੇ ਹੱਕ ’ਚ ਪੀਏਯੂ ਦੇ ਮੁਲਾਜ਼ਮ, ਅਧਿਆਪਕ ਅਤੇ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਕਿਸਾਨਾਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਪੀਏਯੂ ਅਧਿਆਪਕ ਜਥੇਬੰਦੀ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਜਨਰਲ ਸਕੱਤਰ ਡਾ. ਕੇਐੱਸ ਸਾਂਘਾ, ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਜਨਰਲ ਸਕੱਤਰ ਮਨਮੋਹਨ ਸਿੰਘ ਨੇ ਕੇਂਦਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ।