ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਗਸਤ
ਸ਼ਹਿਰ ਦੀਆਂ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਗਿਆ, ਉੱਥੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ। ਕਮਲਾ ਲੋਹਟੀਆ ਐਸਡੀ ਕਾਲਜ ਵਿੱਚ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਅਗਰਵਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਬੀਸੀਐੱਮ ਆਰੀਆ ਸਕੂਲ ਵਿੱਚ ਆਜ਼ਾਦੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਸੰਜੀਵ ਪਾਹਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੂਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਤੋਂ ਬਾਅਦ ਸਾਰਿਆਂ ਨੂੰ ਵਧਾਈ ਦਿੱਤੀ। ਸਰਕਾਰੀ ਕਾਲਜ ਲੜਕੀਆਂ ਵਿੱਚ ਵੀ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਸਮਾਗਮ ਹੋਇਆ। ਪੀਏਯੂ ਵਿੱਚ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਐੱਸਡੀਪੀ ਇੰਸਟੀਚਿਊਸ਼ਨ ਵੱਲੋਂ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਐਸਡੀਪੀ ਸਭਾ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਾਇਲ (ਪੱਤਰ ਪ੍ਰੇਰਕ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੀਆਂ ਨੰਨ੍ਹੀਆਂ ਬੱਚੀਆਂ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਸਮਾਗਮ ਵਿੱਚ ਵੈਲਕਮ ਡਾਂਸ ਪੇਸ਼ ਕਰ ਕੇ ਸਮੂਹ ਦਰਸ਼ਕਾਂ ਦੇ ਮਨ ਮੋਹ ਲਿਆ। ਇਹ ਵੈਲਕਮ ਸੌਂਗ ਉਨ੍ਹਾਂ ਨੂੰ ਅਧਿਆਪਕ ਸ੍ਰੀ ਵਿਕਾਸ ਕਪਿਲਾ ਅਤੇ ਸ੍ਰੀਮਤੀ ਬਲਜੀਤ ਕੌਰ ਵੱਲੋਂ ਤਿਆਰ ਕਰਵਾਇਆ ਗਿਆ।
ਮਾਛੀਵਾੜਾ (ਪੱਤਰ ਪ੍ਰੇਰਕ): ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਾਛੀਵਾੜਾ ਵਿੱਚ ਧੂਮਧਾਮ ਨਾਲ ਮਨਾਈ ਗਈ। ਨਗਰ ਕੌਂਸਲ ਮਾਛੀਵਾੜਾ ਵਿੱਚ ਵੀ ਸੁੰਤਤਰਤਾ ਦਿਵਸ ਮਨਾਇਆ ਗਿਆ, ਜਿੱਥੇ ਝੰਡਾ ਚੜਾਉਣ ਦੀ ਰਸਮ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਅਦਾ ਕੀਤੀ। ਇਸ ਮੌਕੇ ਕੁੰਦਰਾ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ’ਚ ਜੋ ਵਿਕਾਸ ਕਰਵਾਏ ਉਸ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਦੇਸ਼ ਦੀ ਅਜ਼ਾਦੀ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ
ਖੰਨਾ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਬੋਰਡ ਨਾਲ ਸਬੰਧਤ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਾਂਝੇ ਤੌਰ ’ਤੇ ਇੱਕਠ ਕਰ ਕੇ ਅਜ਼ਾਦੀ ਦਿਹਾੜਾ ਮਨਾਉਂਦਿਆਂ ਸਰਕਲ ਖੰਨਾ ਦੇ ਗੇਟ ਅੱਗੇ ਰੋਸ ਰੈਲੀ ਕੀਤੀ। ਇਸੇ ਤਰ੍ਹਾਂ ਇਨਕਮ ਟੈਕਸ ਵਿਭਾਗ ਵੱਲੋਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੀਨਾਕਸ਼ੀ ਵੋਹਰਾ ਨੇ ਦੇਸ਼ ਦਾ ਗੌਰਵ ਰਾਸ਼ਟਰੀ ਤਿਰੰਗਾ ਲਹਿਰਾਇਆ।
ਨਗਰ ਕੌਂਸਲ ਦੋਰਾਹਾ ਵੱਲੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਪ੍ਰਧਾਨ ਸੁਦਰਸ਼ਨ ਸ਼ਰਮਾ ਨੇ ਰਾਸ਼ਟਰੀ ਗੀਤ ਉਪਰੰਤ ਤਿਰੰਗਾ ਝੰਡਾ ਲਹਿਰਾਇਆ। ਇਸੇ ਤਰ੍ਹਾਂ ਨਗਰ ਕੌਂਸਲ ਖੰਨਾ ਵੱਲੋਂ ਅਜ਼ਾਦੀ ਦਾ 75ਵਾਂ ਸਮਾਰੋਹ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਅਤੇ ਸੰਦੀਪ ਸ਼ਰਮਾ ਦੀ ਅਗਵਾਈ ਹੇਠਾ ਮਨਾਇਆ ਗਿਆ। ਇਸ ਮੌਕੇ ਸੈਨੀਟੇਸ਼ਨ ਅਤੇ ਸਵੱਛ ਭਾਰਤ ਮਿਸ਼ਨ ਟੀਮ ਵੱਲੋਂ ਅਨਾਜ ਮੰਡੀ ਵਿਖੇ ਪ੍ਰਦਰਸ਼ਨੀ ਲਾਈ ਗਈ। ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ 75ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ‘ਹਰ ਘਰ ਤਿਰੰਗਾ’ ਥੀਮ ਅਥੀਨ ਸੁਤੰਤਰਤਾ ਦਿਵਸ ਮਨਾਇਆ ਗਿਆ। ਏਐੱਸ ਕਾਲਜ ਫਾਰ ਵਿਮੈਨ ਵਿੱ ਚ 75ਵਾਂ ਸੁਤੰਤਰਤਾ ਦਿਵਸ ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀਆਂ ਵਿਦਿਅਕ ਸੰਸਥਾਵਾਂ ਖਾਲਸਾ ਕਾਲਜ ਫਾਰ ਵਿਮੈਨ, ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਅਤੇ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਸਮਾਗਮ ਕਰਵਾਇਆ ਗਿਆ।
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ਼ ਵਿੱਚ 75ਵੇਂ ਸੁੰਤਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਅੰਮ੍ਰਿਤ ਪ੍ਰਕਾਸ਼ ਸਿੰਘ ਦੁਆਰਾ ਰਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ। ਇੱਥੋਂ ਦੀ ਨਵੀਂ ਦਾਣਾ ਮੰਡੀ ਵਿੱਚ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ. ਸਮਰਾਲਾ ਕੁਲਦੀਪ ਬਾਵਾ ਨੇ ਅਦਾ ਕੀਤੀ। ਇਸੇ ਤਰ੍ਹਾਂ ਆਜ਼ਾਦੀ ਦਿਵਸ ਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸੇ ਤਰ੍ਹਾਂ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਵਿੱਚ ਆਜ਼ਾਦੀ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਸਕੂਲ ਨੀਲੋਂ ਵਿਖੇ ਆਜ਼ਾਦੀ ਦਿਹੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਆਜ਼ਾਦੀ ਦਿਵਸ ਸਮਾਗਮ ਦੌਰਾਨ ਪ੍ਰਦਰਸ਼ਨੀ ਲਗਾਈ
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਸਬ-ਡਿਵੀਜ਼ਨ ਪੱਧਰੀ ਸਮਾਗਮ ਮਹਾਤਮਾ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਵਿੱਚ ਮਨਾਇਆ ਗਿਆ। ਉਪ ਮੰਡਲ ਮੈਜਿਸਟ੍ਰੇਟ ਸ੍ਰੀ ਹਰੰਬਸ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਤੋਂ ਸਲਾਮੀ ਲਈ। ਇਸ ਤੋਂ ਇਲਾਵਾ ਦਿਆਨੰਦ ਸਕੂਲ ਵਿੱਚ ਮਨਾਏ ਗਏ ਸਮਾਗਮ ਦੌਰਾਨ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੌਸਲ ਅਹਿਮਦਗੜ੍ਹ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਗਿੱਲੇ ਕਚਰੇ ਤੋਂ ਖਾਦ ਅਤੇ ਸਿੰਗਲ ਯੂਜ਼ ਪਲਾਸਟਿਕ-ਥਰਮੋਕੋਲ ਮੁਕਤ ਸ਼ਹਿਰ ਨੂੰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ।