ਸਤਵਿੰਦਰ ਬਸਰਾ
ਲੁਧਿਆਣਾ, 16 ਅਗਸਤ
ਸ਼ਹਿਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹੀਦਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਪੀਏਯੂ ਵਿੱਚ ਆਜ਼ਾਦੀ ਦਿਹਾੜੇ ਮੌਕੇ ਉਪ ਕੁਲਪਤੀ ਅਨੀਰੁੱਧ ਤਿਵਾੜੀ ਨੇ ਤਿਰੰਗਾ ਝੰਡਾ ਲਹਿਰਾ ਜਦਕਿ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਡਾ. ਰਵਿੰਦਰ ਕੌਰ ਧਾਲੀਵਾਲ ਨੇ ਸਾਰਿਆਂ ਨੂੰ ਜੀ ਆਇਆਂ ਆਖੀ। ਇਸ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਆਰਐਸ ਸਿੱਧੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਇੰਡਸ ਵਰਲਡ ਸਕੂਲ ਵਿੱਚ ਪ੍ਰਿੰਸੀਪਲ ਸ਼ਾਲੂ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ। ਡੀਏਵੀ ਪੱਖੋਵਾਲ ਵਿੱਚ ਸਕੂਲ ਦੇ ਐੱਨਸੀਸੀ ਟੀਮ ਵੱਲੋਂ ਸੁਤੰਤਰਤਾ ਦਿਵਸ ਪੂਰੇ ਜੋਸ਼ ਨਾਲ ਮਨਾਇਆ ਗਿਆ। ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਨਐੱਸਐੱਸ ਅਤੇ ਐੱਨਸੀਸੀ ਕੈਡਿਟਾਂ ਨੇ ਪ੍ਰੇਡ ਵਿੱਚ ਹਿੱਸਾ ਲਿਆ। ਮਾਲਵਾ ਖਾਲਸਾ ਸਕੂਲ, ਮਾਡਲ ਗਰਾਮ ਵਿੱਚ ਨੰਬਰ-4 ਪੰਜਾਬ ਏਅਰ ਸਕਾਰਡਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਏਸੀ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ। ਦ੍ਰਿਸ਼ਟੀ ਆਰਸੀ ਜੈਨ ਪਬਲਿਕ ਸਕੂਲ ਵਿੱਚ ਵੀ ‘ਆਜ਼ਾਦੀ ਮੇਰੀ ਨਜ਼ਰ ਮੇਂ’ ਵਿਸ਼ੇ ਤਹਿਤ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਨਿਊ ਜੀਐੱਮਟੀ ਸਕੂਲ ਵਿੱਚ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਿਰਸਟੀ ਵਿੱਚ ਕਰਵਾਏ ਸਮਾਗਮ ਦੌਰਾਨ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਦੇਵਕੀ ਦੇਵੀ ਜੈਨ ਕਾਲਜ ਵਿੱਚ ਵੀ ਐੱਨਸੀਸੀ ਵਿੰਗ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ। 19 ਪੀਬੀ ਕਮਾਂਡਿੰਗ ਅਫਸਰ ਡੀਕੇ ਸਿੰਘ ਨੇ ਅਜ਼ਾਦੀ ਲਈ ਕੀਤੇ ਸੰਘਰਸ਼ਾਂ, ਦਿੱਤੀਆਂ ਸ਼ਹੀਦੀਆਂ ਨੂੰ ਯਾਦ ਕੀਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਏਐੱਸ ਕਾਲਜ ਫਾਰ ਵੂਮੈਨ ਵਿੱਚ ਐੱਨਐੱਸਐੱਸ ਯੂਨਿਟ ਨੇ ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਹੇਠ 75ਵਾਂ ਅਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐਡਵੋਕੇਟ ਅਮਿਤ ਵਰਮਾ ਨੇ ਅਦਾ ਕੀਤੀ। ਇਸੇ ਤਰ੍ਹਾਂ ਇਥੋਂ ਦੇ ਗੁਲਜ਼ਾਰ ਕਾਲਜ ਵਿੱਚ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰਕੀਰਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਸਵੈਮਾਨ ਲਈ ਆਪਣੀ ਜਾਨ ਗਵਾਈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਕੌਂਸਲ ਨੇ ਅਜ਼ਾਦੀ ਦਿਹਾੜਾ ਇਥੋਂ ਦੇ ਮਾਤਾ ਰਾਣੀ ਮੰਦਰ ਪਾਰਕ ਵਿੱਚ ਤਿਰੰਗਾ ਲਹਿਰਾ ਕੇ ਮਨਾਇਆ। ਇਸ ਮੌਕੇ ਕੌਂਸਲਰ ਜਤਿੰਦਰ ਦੇਵਗਨ, ਐਡਵੋਕੇਟ ਪਰਮਜੀਤ ਸਿੰਘ ਅਤੇ ਗੁਰਦੀਪ ਪੁਰੀ ਨੇ ਸੁਤੰਤਰਤਾ ਦਿਵਸ ਸਬੰਧੀ ਵਿਚਾਰ ਪੇਸ਼ ਕਰਦਿਆਂ ਲੋਕਾਂ ਨੂੰ ਵਧਾਈ ਦਿੱਤੀ।
ਸਮਰਾਲਾ (ਡੀਪੀਐੱਸ ਬੱਤਰਾ): ਇਥੇ ਸਬ-ਡਿਵੀਜ਼ਨ ਪੱਧਰ ਦਾ ਸਮਾਗਮ ਸਥਾਨਕ ਨਵੀਂ ਅਨਾਜ ਮੰਡੀ ’ਚ ਕਰਵਾਇਆ ਗਿਆ। ਇਸ ਮੌਕੇ ਸਮਰਾਲਾ ਦੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਦੀ ਸਲਾਮੀ ਲਈ। ਸਮਾਗਮ ’ਚ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਕਈ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਐੱਸ.ਡੀ.ਐੱਮ. ਪਾਂਥੇ ਨੇ ਇਲਾਕੇ ਦੇ ਆਜ਼ਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਾਂ ਸਮੇਤ ਵਧੀਆਂ ਸੇਵਾਵਾਂ ਬਦਲੇ ਕਈ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀ. ਸੈਕੰਡਰੀ ਸਕੂਲ ਨੀਲੋਂ ਵਿੱਚ ਅਜ਼ਾਦੀ ਦਿਹੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਾਛੀਵਾੜਾ ਵਿੱਚ ਧੂਮਧਾਮ ਨਾਲ ਮਨਾਈ ਗਈ। ਨਗਰ ਕੌਂਸਲ ਮਾਛੀਵਾੜਾ ਵਿੱਚ ਝੰਡਾ ਚੜਾਉਣ ਦੀ ਰਸਮ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਅਦਾ ਕੀਤੀ ਅਤੇ ਪੁਲੀਸ ਵਲੋਂ ਸਲਾਮੀ ਦਿੱਤੀ ਗਈ। ਇਸੇ ਤਰ੍ਹਾਂ ਮਾਛੀਵਾੜਾ ਦੇ ਜੈਨ ਸਥਾਨਕ ਵਿੱਚ ਐੱਸ.ਐੱਸ. ਜੈਨ ਸਭਾ ਮਾਛੀਵਾੜਾ ਵੱਲੋਂ 75ਵਾਂ ਸੁਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ ): ਉਪ-ਮੰਡਲ ਜਗਰਾਉਂ ਦਾ ਮੁੱਖ ਸੁਤੰਤਰਤਾ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਧੀਕ ਕਮਿਸ਼ਨਰ ਡਾ. ਨਯਨ ਜੱਸਲ ਨੇ ਕੀਤੀ। ਪੁਲੀਸ ਟੁੱਕੜੀ ਜਿਸਦੀ ਅਗਵਾਈ ਇੰਸ. ਰਮਨਦੀਪ ਕੌਰ ਕਰ ਰਹੇ ਸਨ, ਨੇ ਸਲਾਮੀ ਦਿੱਤੀ ਅਤੇ ਤਿੰਰਗਾ ਲਹਿਰਾਉਣ ਦੀ ਰਸਮ ਵਧੀਕ ਕਮਿਸ਼ਨਰ ਡਾ. ਨਯਨ ਜੱਸਲ ਨੇ ਨਿਭਾਈ। ਸਮਾਗਮ ਦੌਰਾਨ ਫਰੀਡਮ ਫਾਈਟਰਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੰਸਾਰ ਪੱਧਰੀ ਸਮਾਜ ਸੇਵੀ ਸੰਸਥਾਂ ਲਾਇਨਜ਼ ਕਲੱਬ ਦੇ ਪ੍ਰਧਾਨ ਲਾਈਨ ਗੁਲਵੰਤ ਸਿੰਘ ਗਿੱਲ ਨੇ ਸਾਥੀ ਲਾਈਨ ਮੈਂਬਰਾਂ ਦੀ ਭਰਵੀ ਹਾਜ਼ਰੀ ’ਚ ਲਾਇਨ ਭਵਨ ’ਚ ਝੰਡਾ ਲਹਿਰਾਇਆ। ਨਗਰ ਕੌਂਸਲ ਦਫਤਰਾਂ ’ਚ ਵੀ ਸੁਤੰਤਰਤਾ ਸਮਾਗਮ ਕਰਵਾਏ ਗਏ।
ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ
ਦੋਰਾਹਾ( ਜੋਗਿੰਦਰ ਸਿੰਘ ਓਬਰਾਏ): ਮਾਰਕਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਡ) ਵੱਲੋਂ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿੱਚ ਬਾਲਕ੍ਰਿਸ਼ਨ ਕਿਰਤੀ ਦੀ ਪ੍ਰਧਾਨਗੀ ਹੇਠਾਂ ਭਾਜਪਾ ਦੇ ਦੁਰ ਪ੍ਰਬੰਧ ਕਾਰਨ ਜਮਹੂਰੀ ਕਦਰਾਂ ਨੂੰ ਦਰਪੇਸ਼ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐੱਮਸੀਪੀਆਈ (ਯੂ) ਦੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਕਿਹਾ ਕਿ 15 ਅਗਸਤ 1947 ਨੂੰ ਮਿਲੀ ਅਜ਼ਾਦੀ ਅਜੇ ਅਧੂਰੀ ਹੈ, ਜਿਸ ਕਾਰਨ ਵੱਡੀ ਸਰਮਾਏਦਾਰੀ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਤੇ ਭਾਰਤੀ ਸਮਾਜ ਅੰਦਰ ਆਰਥਿਕ ਨਾ ਬਰਾਬਰੀ ਵੱਧ ਰਹੀ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਪੁੂੰਜੀਵਾਦੀ ਸਿਸਟਮ ਸਮਾਜ ਦੇ ਹਰ ਵਰਗ ਨੂੰ ਲੁੱਟ ਰਿਹਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਕੇ ਘੋਰ ਫ਼ਿਰਕੂ ਨੀਤੀਆਂ ਤੇ ਚੱਲ ਰਹੀ ਹੈ। ਉਪਰੋਕਤ ਆਗੂਆਂ ਨੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ, ਫ਼ਸਲਾਂ ਦੇ ਘੱਟੋਂ ਘੱਟ ਸਮਰਥਨ ਮੁੱਲ ਦੇਣ, ਮਜ਼ਦੂਰ-ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ, ਪੈਟਰੋਲ-ਡੀਜ਼ਲ ਦੇ ਭਾਅ ਘਟਾਉਣ ਦੀ ਮੰਗ ਕੀਤੀ। ਇਸ ਮੌਕੇ ਬਲਬੀਰ ਚੰਦ, ਸਿਮਰਦੀਪ ਸਿੰਘ, ਜਨਦੀਪ ਕੌਸ਼ਲ, ਅਮਰਜੀਤ ਸਿੰਘ, ਬਲਬੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਕਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ
ਪਾਇਲ (ਦਵਿੰਦਰ ਜੱਗੀ): ਇਥੇ ਦਾਣਾ ਮੰਡੀ ਪਾਇਲ ਵਿੱਚ ਆਜ਼ਾਦੀ ਦਿਹਾੜਾ ਜੋਸ਼ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੇ ਅਦਾ ਕੀਤੀ, ਐੱਨਸੀਸੀ ਟੁਕੜੀਆਂ ਵੱਲੋਂ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੀਆਂ ਲੜਕੀਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਸਮੇਂ ਕੋਵਿਡ 19 ਦੌਰਾਨ ਕਰੋਨਾ ਨੂੰ ਮਾਤ ਦੇਣ ਵਾਲੇ ਯੋਧੇ ਮੁਲਾਜ਼ਮ, ਸਿੱਖਿਆ ਵਿਭਾਗ, ਸਿਹਤ ਵਿਭਾਗ, ਪੰਜਾਬ ਪੁਲੀਸ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਸਫ਼ਾਈ ਸੇਵਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵੱਲੋਂ ਬੱਚਿਆ ਦੀ ਹੌਸਲਾ ਅਫਜਾਈ ਲਈ ਨਗਦ ਰਾਸ਼ੀ ਵੀ ਦਿੱਤੀ ਗਈ।
ਐੱਸਡੀਐੱਮ ਨੇ ਲਈ ਮਾਰਚ ਪਾਸਟ ਤੋਂ ਸਲਾਮੀ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਦੇਸ਼ ਦੇ 75ਵੇਂ ਅਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਅਨਾਜ ਮੰਡੀ ਵਿੱਚ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਜ਼ਾਦੀ ਦਿਹਾੜੇ ਦਾ ਤਹਿਸੀਲ ਪੱਧਰੀ ਸਮਾਗਮ ਸਾਦਗੀ ਨਾਲ ਹੋਇਆ, ਜਿਸ ਵਿੱਚ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਐੱੱਸ.ਡੀ.ਐੱਮ ਡਾ. ਹਿਮਾਂਸ਼ੂ ਗੁਪਤਾ ਵਲੋਂ ਅਦਾ ਕੀਤੀ ਗਈ। ਜਿਸ ਉਪਰੰਤ ਉਨ੍ਹਾਂ ਪਰੇਡ ਦਾ ਜਾਇਜ਼ਾ ਲਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਡਾ. ਗੁਪਤਾ ਨੇ ਕਰੋਨਾ ਕਾਲ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।