ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਕਤੂਬਰ
ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਲਿਫਟਿੰਗ ਦੇ ਨਿਯਮ ਨਹੀਂ ਤਬਦੀਲ ਕਰਦੀ ਉਦੋਂ ਤੱਕ ਫਸਲ ਦੀ ਖਰੀਦ ਬੰਦ ਰਹੇਗੀ। ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਕੂੰਨਰ ਤੇ ਖੇੜਾ ਨੇ ਦੱਸਿਆ ਕਿ ਮੰਡੀਆਂ ’ਚੋਂ ਫਸਲ ਦੀ ਲਿਫਟਿੰਗ ਲਈ ਜੋ ਸਰਕਾਰ ਨੇ ਨਿਯਮ ਬਣਾਏ ਹਨ ਉਸ ਤਹਿਤ ਕੰਮ ਕਰਨਾ ਸੰਭਵ ਨਹੀਂ ਕਿਉਂਕਿ ਹਰੇਕ ਟਰੱਕ ਦੀ ਭਰਾਈ ਸਮੇਂ ਖਰੀਦ ਏਜੰਸੀ ਦੇ ਨੁਮਾਇੰਦੇ ਦਾ ਮੌਜੂਦ ਰਹਿਣਾ, ਗੇਟ ਪਾਸ ਆਨਲਾਈਨ ਕੱਢਣਾ ਅਤੇ ਜੋ ਹੋਰ ਨੀਤੀਆਂ ਅਪਣਾਈਆਂ ਹਨ ਉਸ ਤਹਿਤ ਆੜ੍ਹਤੀ ਤੇ ਕਿਸਾਨ ਕੰਮ ਨਹੀਂ ਕਰ ਸਕਦੇ। ਆਗੂਆਂ ਨੇ ਕਿਹਾ ਕਿ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਆੜ੍ਹਤੀਆਂ ਵਲੋਂ ਸਰਕਾਰ ਦੀ ਲਿਫਟਿੰਗ ਨੀਤੀ ਦਾ ਵਿਰੋਧ ਕਰਦਿਆਂ ਮੰਗ ਕੀਤੀ ਗਈ ਸੀ ਕਿ ਪਹਿਲਾਂ ਵਾਲੇ ਨਿਯਮਾਂ ਤਹਿਤ ਫਸਲ ਦੀ ਲਿਫਟਿੰਗ ਕਰਵਾਈ ਜਾਵੇ ਪਰ ਉੱਚ ਅਧਿਕਾਰੀਆਂ ਨੇ ਕੋਈ ਵੀ ਗੌਰ ਨਹੀਂ ਕੀਤਾ। ਇਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਹੜਤਾਲ ਦਾ ਫੈਸਲਾ ਲੈਣਾ ਪਿਆ। ਕੂੰਨਰ ਤੇ ਖੇੜਾ ਨੇ ਕਿਹਾ ਕਿ ਭਲਕੇ ਤੋਂ ਮਾਛੀਵਾੜਾ ਅਨਾਜ ਮੰਡੀ ਵਿਚ ਹੜਤਾਲ ਕਾਰਨ ਕਿਸਾਨਾਂ ਦੀ ਫਸਲ ਨਹੀਂ ਖਰੀਦੀ ਜਾਵੇਗੀ ਅਤੇ ਮੰਡੀਆਂ ਵਿਚ ਜੋ ਵੀ ਪ੍ਰੇਸ਼ਾਨੀ ਆਵੇਗੀ ਉਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਰਵਿੰਦਰਪਾਲ ਸਿੰਘ ਵਿੱਕੀ, ਕਪਿਲ ਆਨੰਦ, ਹਰਿੰਦਰਮੋਹਣ ਸਿੰਘ ਕਾਲੜਾ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਟਹਿਲ ਸਿੰਘ ਔਜਲਾ, ਅਮਰੀਕ ਸਿੰਘ ਔਜਲਾ, ਨਿਤਿਨ ਜੈਨ, ਪਰਮਿੰਦਰ ਗੁਲਿਆਣੀ ਮੌਜੂਦ ਸਨ।
ਸਰਕਾਰ ਵੱਲੋਂ ਝੋਨੇ ਦਾ ਝਾੜ ਔਸਤਨ 36 ਕੁਇੰਟਲ ਕਰਨ ਦੀ ਹਦਾਇਤ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਵਾਰ ਪ੍ਰਤੀ ਏਕੜ 25 ਕੁਇੰਟਲ ਝੋਨੇ ਦੇ ਝਾੜ ਦੇ ਹਿਸਾਬ ਨਾਲ ਆੜ੍ਹਤੀਆਂ ਨੂੰ ਪੋਰਟਲ ਵਿਚ ਦਰਜ ਕਰਨ ਦੀ ਹਦਾਇਤ ਕੀਤੀ ਸੀ ਜਿਸ ਦਾ ਡਟਵਾਂ ਵਿਰੋਧ ਹੋ ਰਿਹਾ ਸੀ। ਅੱਜ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦਿੰਦਿਆਂ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਅੰਨ ਖਰੀਦ ਵੱਲੋਂ ਪੱਤਰ ਜਾਰੀ ਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਝੋਨੇ ਦਾ ਝਾੜ ਔਸਤਨ 36 ਕੁਇੰਟਲ ਦਰਜ ਕਰਨ ਦੀ ਹਦਾਇਤ ਦੇ ਦਿੱਤੀ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਅਤੇ ਪ੍ਰਤੀ ਏਕੜ ਝਾੜ ਦਾ ਪੋਰਟਲ ’ਤੇ ਦਰਜ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਤਾਂ ਜੋ ਪਤਾ ਲੱਗ ਸਕੇ ਕਿ ਬਾਹਰਲੇ ਸੂਬਿਆਂ ਤੋਂ ਝੋਨਾ ਵਿਕਣ ਤਾਂ ਨਹੀਂ ਆ ਰਿਹਾ।
ਅਨਾਜ ਮੰਡੀ ਸੁਧਾਰ ਵਿਚ ਵਿਧਾਇਕ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਗੁਰੂਸਰ ਸੁਧਾਰ (ਸੰਤੋਖ ਗਿੱਲ): ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਾਉਣ ਸਮੇਂ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਕਣਕ ਦਾ ਇੱਕ ਇੱਕ ਦਾਣਾ ਖ਼ਰੀਦ ਕਰੇਗੀ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਜਿਣਸ ਦੀ ਅਦਾਇਗੀ ਚੌਵੀ ਘੰਟੇ ਵਿਚ ਕਰਨੀ ਯਕੀਨੀ ਬਣਾਈ ਜਾਵੇਗੀ। ਵਿਧਾਇਕ ਨੇ ਇਸ ਮੌਕੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਸੁਝਾਅ ਵੀ ਮੰਗੇ। ਮੰਡੀ ਸੁਪਰਵਾਈਜ਼ਰ ਜਸਵੀਰ ਸਿੰਘ ਨੇ ਦੱਸਿਆ ਕਿ ਖ਼ਰੀਦ ਏਜੰਸੀ ਪਨਗਰੇਨ ਵੱਲੋਂ ਅਨਾਜ ਮੰਡੀ ਸੁਧਾਰ ਵਿਚ ਜਿਣਸ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਕਾਹਲ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸ਼ਰਤਾਂ ਤਹਿਤ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਜਾਂ ਗਿੱਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ। ਸੁਪਰਵਾਈਜ਼ਰ ਜਸਵੀਰ ਸਿੰਘ ਅਨੁਸਾਰ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਲਾਕ ਸੁਧਾਰ ਦੇ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਸਰਪੰਚ ਨਿਰਮਲ ਸਿੰਘ, ਮਨਸਾ ਖਾਂ, ਕਿਸਾਨ ਆਗੂ ਕੁਲਦੀਪ ਸਿੰਘ ਜੌਹਲਾਂ ਸਮੇਤ ਖ਼ਰੀਦ ਏਜੰਸੀ ਪਨਗੇਰਨ ਦੇ ਅਧਿਕਾਰੀ ਵੀ ਮੌਜੂਦ ਸਨ।