ਪੱਤਰ ਪ੍ਰੇਰਕ
ਮਾਛੀਵਾੜਾ, 22 ਫਰਵਰੀ
ਇੱਥੋਂ ਦੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਮੱਖਣ ਰਾਮ ਵਾਸੀ ਨੀਵਾਂ ਬਾਜ਼ਾਰ ਮਾਛੀਵਾੜਾ ਤੇ ਰਵੀਪਾਲ ਸਿੰਘ ਵਾਸੀ ਡੱਬੂ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਮਾਛੀਵਾੜਾ ਪੁਲੀਸ ਕੋਲ ਸੰਜੈ ਕੁਮਾਰ ਵਾਸੀ ਮਾਰਕਫੈੱਡ ਕਲੋਨੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਚਾਰ ਮਹੀਨੇ ਦੇ ਪੁੱਤਰ ਦੀ ਮੌਤ ਹੋ ਗਈ ਤੇ ਉਹ ਮਾਛੀਵਾੜਾ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਲਈ ਮੋਟਰਸਾਈਕਲ ’ਤੇ ਗਿਆ ਸੀ। ਉਸ ਨੇ ਮੋਟਰਸਾਈਕਲ ਸ਼ਮਸ਼ਾਨਘਾਟ ਦੇ ਬਾਹਰ ਖੜ੍ਹਾ ਕਰ ਦਿੱਤਾ ਤੇ ਜਦੋਂ ਉਹ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ।
ਮੋਟਰਸਾਈਕਲ ਮਾਲਕ ਆਪਣੇ ਤੌਰ ’ਤੇ ਤਲਾਸ਼ ਕਰਦਾ ਰਿਹਾ ਤੇ ਉਸ ਨੂੰ ਪਤਾ ਲੱਗਾ ਕਿ ਮੱਖਣ ਰਾਮ ਤੇ ਰਵੀਪਾਲ ਨੇ ਉਸ ਦਾ ਮੋਟਰਸਾਈਕਲ ਚੋਰੀ ਕੀਤਾ ਹੈ। ਮਾਛੀਵਾੜਾ ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਨੇ ਚੋਰੀ ਦੇ ਦੋਸ਼ਾਂ ਤਹਿਤ ਮੱਖਣ ਰਾਮ ਤੇ ਰਵੀਪਾਲ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਇਹ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਮੱਖਣ ਰਾਮ ਜੋ ਕਿੱਤੇ ਵਜੋਂ ਮੋਟਰਸਾਈਕਲ ਮਕੈਨਿਕ ਹੈ, ਉਸ ਨੇ ਚੋਰੀ ਕੀਤੇ ਇਸ ਮੋਟਰਸਾਈਕਲ ਦੇ ਪੁਰਜ਼ਾ-ਪੁਰਜ਼ਾ ਕਰ ਦਿੱਤਾ ਤਾਂ ਜੋ ਇਸ ਨੂੰ ਵੇਚਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਅੜਿੱਕੇ ਆ ਗਏ। ਐੱਸ.ਐੱਚ.ਓ ਨੇ ਦੱਸਿਆ ਕਿ ਦੋਵਾਂ ਕਥਿਤ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਲਿਆ ਗਿਆ ਹੈ ਤੇ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ੇਰਪੁਰ ਲਾਗੇ 6 ਨੌਜਵਾਨਾਂ ਨੇ ਇੱਕ ਸਾਈਕਲ ਪਾਰਟਸ ਫੈਕਟਰੀ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਫੈਕਟਰੀ ’ਚ ਸੌ ਰਿਹਾ ਚੌਕੀਦਾਰ ਖੜਕੇ ਦੀ ਆਵਾਜ਼ ਸੁਣ ਕੇ ਨੀਂਦ ’ਚੋਂ ਉਠਿਆ। ਉਸ ਦੇ ਉੱਠਣ ਦਾ ਪਤਾ ਲੱਗਦੇ ਹੀ ਮੁਲਜ਼ਮ ਫ਼ਰਾਰ ਹੋ ਗਏ। ਚੌਕੀਦਾਰ ਨੇ ਇਸ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਰਾਜੇਸ਼ ਮੌਂਗੀਆ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਰਾਜੇਸ਼ ਮੌਂਗੀਆ ਨੇ ਦੱਸਿਆ ਕਿ ਸ਼ੇਰਪੁਰ ’ਚ ਉਨ੍ਹਾਂ ਦੀ ਆਰ.ਐਨ. ਸਾਈਕਲ ਦੇ ਨਾਮ ਤੋਂ ਫੈਕਟਰੀ ਹੈ, ਜਿੱਥੇ ਸਾਈਕਲ ਪਾਰਟਸ ਬਣਾਏ ਜਾਂਦੇ ਹਨ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ’ਚ ਪਤਾ ਲੱਗਿਆ ਕਿ ਫੈਕਟਰੀ ’ਚ 6 ਨੌਜਵਾਨ ਦਾਖਲ ਹੋ ਕੇ ਡੇਢ ਘੰਟੇ ਤੱਕ ਅੰਦਰ ਰਹੇ। ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਹੁਣ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕਰਨੀ ਸ਼ੁਰੂ ਕਰ ਦਿੱਤੀ ਹੈ। ਰਾਜੇਸ਼ ਅਨੁਸਾਰ ਮੁਲਜ਼ਮ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਲੈ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।