ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਇੱਥੇ ਢੋਲੇਵਾਲ ਚੌਕ ਨੇੜੇ ਸਥਿਤ ਪਾਰਕ ਵਿੱਚ ਭਗਵਾਨ ਪਰਸ਼ੂਰਾਮ ਜੈਯੰਤੀ ਦੇ ਮੌਕੇ ’ਤੇ ਭਗਵਾਨ ਪਰਸ਼ੂਰਾਮ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਇਸ ਬੁੱਤ ਦਾ ਉਦਘਾਟਨ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ ਅਤੇ ਅਸ਼ੋਕ ਪਰਾਸ਼ਰ ਪੱਪੀ ਤੋਂ ਇਲਾਵਾ ਕਈ ਹੋਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦੀ ਕਾਂਸੀ ਦੀ ਮੂਰਤੀ ਢੋਲੇਵਾਲ ਚੌਕ ਨੇੜੇ ਸਥਿਤ ਪਰਸ਼ੂਰਾਮ ਜੀ ਪਾਰਕ ਵਿੱਚ ਸਥਾਪਿਤ ਕੀਤੀ ਗਈ ਹੈ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਨਾਲ ਜੋੜਨ ਦਾ ਇੱਕ ਸਾਧਨ ਹੈ ਅਤੇ ਮਹਾਨ ਸੰਤਾਂ ਦੇ ਸਤਿਕਾਰ ਦਾ ਪ੍ਰਤੀਕ ਹੈ। ਇਸ ਮੌਕੇ ਹਵਨ ਸਮਾਗਮ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਸ਼ਿਰਕਤ ਕੀਤੀ ਅਤੇ ਭਗਵਾਨ ਪਰਸ਼ੂਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।