ਪੱਤਰ ਪ੍ਰੇਰਕ
ਰਾਏਕੋਟ, 8 ਜਨਵਰੀ
ਨੇੜਲੇ ਪਿੰਡ ਜਲਾਲਦੀਵਾਲ ਵਿੱਚ 5 ਕਰੋੜ 50 ਲੱਖ ਦੀ ਲਾਗਤ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਬਣਾਏ ਗਏ 66 ਕੇਵੀ ਸਬ. ਸਟੇਸ਼ਨ ਦਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਇੰਜਨੀਅਰ ਪਾਵਰਕੌਮ ਲੁਧਿਆਣਾ ਜਸਵੀਰ ਸਿੰਘ ਭੁੱਲਰ, ਹਲਕਾ ਇੰਚਾਰਜ ਕਾਮਿਲ ਬੋਪਾਰਾਏ, ਸੁਪਰਡੈਂਟ ਇੰਜਨੀਅਰ ਅਨਿਲ ਸ਼ਰਮਾ ਹਾਜ਼ਰ ਸਨ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਬਿਜਲੀ ਸਮੱਸਿਆ ਦੇ ਹੱਲ ਲਈ ਪਿੰਡ ਜਲਾਲਦੀਵਾਲ ਵਿੱਚ ਬਣਾਇਆ ਗਿਆ 66.ਕੇਵੀ ਗਰਿੱਡ ਬਣ ਕੇ ਤਿਆਰ ਹੋ ਚੁੱਕਿਆ ਹੈ। ਇਸ ਤੋਂ ਇਲਾਵਾ 220.ਕੇਵੀ ਦਾ ਇੱਕ ਗਰਿੱਡ ਪਿੰਡ ਝੋਰੜਾਂ ਵਿੱਚ ਵੀ ਬਣਾਇਆ ਜਾਵੇਗਾ ਅਤੇ ਇੱਕ 66ਕੇਵੀ ਦਾ ਗਰਿੱਡ ਪਿੰਡ ਬਰ੍ਹਮੀ ਵਿੱਚ ਬਣ ਰਿਹਾ ਹੈ। ਇਨ੍ਹਾਂ ਦੇ ਚਾਲੂ ਹੋਣ ਤੋਂ ਬਾਅਦ ਪਿੰਡਾਂ ਨੂੰ ਬਿਜਲੀ ਸਪਲਾਈ ਨੂੰ ਲੈ ਕੇ ਕੋਈ ਵੀ ਸਮੱਸਿਆ ਪੇਸ਼ ਨਹੀ ਆਵੇਗੀ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਪਿੰਡ ਜਲਾਲਦੀਵਾਲ ਦੀ ਪੰਚਾਇਤ ਦਾ ਗਰਿੱਡ ਲਈ ਜ਼ਮੀਨ ਦੇਣ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁੱਖ ਇੰਜ. ਜਸਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਗਰਿੱਡ ਤੋਂ ਪਿੰਡਾਂ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।