ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਪਰੈਲ
ਇਥੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੈਇੰਦਰ ਸਿੰਗਲਾ ਵੱਲੋੋਂ ਖੰਨਾ ਤੋਂ ਅਮਲੋਹ ਜਾਂਦੀ ਕਰੀਬ 869.19 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਹਿਲਾਂ ਕਰੋਨਾ ਕਾਰਨ ਬਹੁਤ ਸਾਰੇ ਕੰਮ ਬਕਾਇਆ ਪਏ ਸਨ, ਜਿਸ ਕਰਕੇ ਸੜਕ ਨਿਰਮਾਣ ਦੇ ਕੰਮਾਂ ’ਚ ਦੇਰੀ ਹੋਈ ਹੈ। ਹੁਣ ਸਰਕਾਰ ਵੱਲੋਂ ਖੰਨਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸ ਅਧੀਨ ਖੰਨਾ-ਸਮਰਾਲਾ ਰੋਡ, ਖਮਾਣੋਂ, ਰਤਨਹੇੜੀ ਰੋਡ, ਫੋਕਲ ਪੁਆਇੰਟ, ਜਸਪਾਲੋਂ, ਹਰਬੰਸਪੁਰਾ ਵਿੱਚ ਪੁਲ ਵੀ ਬਣਾਏ ਜਾ ਰਹੇ ਹਨ।
ਉਨ੍ਹਾਂ ਸਕੂਲਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਫੀਸ ਰੈਗੂਲੇਸ਼ਨ ਐਕਟ ਬਣਾਇਆ ਗਿਆ ਹੈ, ਕੋਈ ਵੀ ਸਕੂਲ ਸਾਲਾਨਾ ਚਾਰਜਿਜ਼ ਨਹੀਂ ਲੈ ਸਕਦੇ ਅਤੇ ਨਾ ਹੀ ਸਕੂਲ ਬੱਚਿਆਂ ਨੂੰ ਨਿਰਧਾਰਿਤ ਦੁਕਾਨਾਂ ਤੋਂ ਵਰਦੀਆਂ ਤੇ ਕਿਤਾਬਾਂ ਲੈਣ ਲਈ ਮਜਬੂਰ ਕਰ ਸਕਦੇ ਹਨ, ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਸ਼ਿਕਾਇਤ ਦਿੱਤੀ ਜਾਵੇ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬੇਅਦਬੀ ਮਾਮਲੇ ’ਤੇ ਗੱਲ ਕਰਦਿਆਂ ਕਿਹਾ ਕਿ ਬੇਅਦਬੀ ਮਾਮਲੇ ਦੀ ਰਿਪੋਰਟ ਜਨਤਕ ਕਰਨ ਦਾ ਅਧਿਕਾਰ ਸਿਰਫ਼ ਗ੍ਰਹਿ ਮੰਤਰੀ ਕੋਲ ਹੈ ਅਤੇ ਇਸ ਸਬੰਧੀ ਉਹ ਬਿਹਤਰ ਢੰਗ ਨਾਲ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਸਰਕਾਰ ਦੇ ਖ਼ਿਲਾਫ਼ ਕੰਮਾਂ ਨੂੰ ਲੈ ਕੇ ਬੋਲਦੇ ਹਨ, ਇਨ੍ਹਾਂ ਆਗੂਆਂ ’ਤੇ ਕਾਰਵਾਈ ਕਰਨਾ ਅਨੁਸ਼ਾਸਨੀ ਕਮੇਟੀ ਦਾ ਕੰਮ ਹੈ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਪਾਇਲ, ਸੂਬਾ ਸਕੱਤਰ ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਬਲਾਕ ਸੰਮਤੀ ਖੰਨਾ ਸਤਨਾਮ ਸਿੰਘ ਸੋਨੀ ਰੋਹਣੋਂ ਹਾਜ਼ਰ ਸਨ।