ਡੀਪੀਐੱਸ ਬਤਰਾ
ਸਮਰਾਲਾ, 16 ਦਸੰਬਰ
ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤੇ ਪਾਰਟੀ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਪਾਰਟੀ ਦੇ ਸੈਂਕੜੇ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਨਾਲ ਸਥਾਨਕ ਵਾਰਡ ਨੰ. 3 ਵਿਚ ਸ਼ਹਿਰੀ ਚੋਣ ਦਫਤਰ ਦਾ ਉਦਘਾਟਨ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਢਿੱਲੋਂ ਨੇ ਦੱਸਿਆ ਕਿ ਸ਼ਹਿਰ ’ਚ ਚੋਣ ਦਫ਼ਤਰ ਖੁੱਲ੍ਹਣ ਨਾਲ ਸਾਰੇ ਵਰਕਰ ਤੇ ਆਗੂ ਆਪਸ ਵਿਚ ਵਿਚਾਰ-ਚਰਚਾ ਕਰਕੇ ਪਾਰਟੀ ਦੀਆਂ ਸਾਰਥਕ ਨੀਤੀਆਂ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਆਉਣ ਵਾਲੇ ਦਿਨਾਂ ’ਚ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਢਿੱਲੋਂ ਨੇ ਦੱਸਿਆ ਕਿ ਵਾਰਡ ਨੰ.3 ਵਿਚ ਇਹ ਦਫਤਰ ਖੁੱਲ੍ਹਣ ਨਾਲ ਵਰਕਰਾਂ ਤੇ ਵੋਟਰਾਂ ਨਾਲ ਜਲਦੀ ਰਾਬਤਾ ਕਾਇਮ ਕਰਕੇ ਚੋਣ ਪ੍ਰਚਾਰ ਨੂੰ ਵੀ ਤੇਜ਼ ਕੀਤਾ ਜਾ ਸਕੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਭੁਪਿੰਦਰ ਸਿੰਘ ਢਿੱਲੋਂ, ਸੁਸ਼ੀਲ ਖੁੱਲਰ ਸ਼ਹਿਰੀ ਪ੍ਰਧਾਨ, ਜਸਮੇਲ ਸਿੰਘ ਬੌਂਦਲੀ ਜਥੇਬੰਦਕ ਸਕੱਤਰ, ਸੁਰਿੰਦਰਪਾਲ ਸਿੰਘ ਢਿੱਲੋਂ, ਅਵਤਾਰ ਸਿੰਘ ਕੌਂਸਲਰ, ਡਾ.ਯੋਗੇਸ਼ ਸ਼ਰਮਾ, ਮਿੱਤਰਪਾਲ ਸਿੰਘ ਲਵਲੀ, ਰਵੀ ਥਾਪਰ, ਨਰੇਸ਼ ਖੁੱਲਰ, ਲਖਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।