ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਸਤੰਬਰ
ਹਲਕਾ ਦਾਖਾ ਦੇ ਵੱਡੇ ਪਿੰਡ ਹਾਂਸ ਕਲਾਂ ਦੇ ਸਰਬਪੱਖੀ ਵਿਕਾਸ ਲਈ ਪ੍ਰਸ਼ਾਸਨ ਰਾਹੀਂ ਕੈਪਟਨ ਸੰਦੀਪ ਸਿੰਘ ਸੰਧੂ ਨੇ 85 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਅਤੇ 22 ਗਲੀਆਂ ਦੋ ਸ਼ਮਸ਼ਾਨਘਾਟਾਂ ਦਾ ਕੰਮ ਸ਼ੁਰੂ ਕਰਵਾਇਆ। ਪਿੰਡ ਹਾਂਸ ਕਲਾਂ ਦੇ ਲੋਕਾਂ ਨੇ ਸੂਬਾ ਸਰਕਾਰ, ਪ੍ਰਸ਼ਾਸਨ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ। ਇਨ੍ਹਾਂ ਉਦਘਾਟਨੀ ਪਲਾਂ ਦੌਰਾਨ ਨਗਰ ਦੇ ਕਾਰਜਕਾਰੀ ਸਰਪੰਚ ਮਹਿੰਦਰ ਸਿੰਘ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਗੁਲਵਿੰਦਰ ਸਿੰਘ ਅਤੇ ਬੀਬੀ ਮਹਿੰਦਰ ਕੌਰ ਦੇ ਨਾਲ ਕੈਪਟਨ ਸੰਦੀਪ ਸੰਧੂ ਵੀ ਹਾਜ਼ਰ ਰਹੇ। ਕੈਪਟਨ ਸੰਦੀਪ ਸੰਧੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਮਲੇ ਦੀ ਹਾਜ਼ਰੀ ’ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਪਿੰਡ ਵਿੱਚ 22 ਗਲੀਆਂ ’ਚ ਸੀਵਰੇਜ ਪਾਉਣ ਦੇ ਨਾਲ-ਨਾਲ ਇੰਟਰਲੌਕ ਟਾਈਲਾਂ ਲਗਾ ਕੇ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਦੇ ਦੋ ਸ਼ਮਸ਼ਾਨਘਾਟਾਂ ਦਾ ਨਵੀਨੀਕਰਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ ’ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨਾ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਪਿੰਡ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਰਹਿੰਦੇ ਵਿਕਾਸ ਕਾਰਜ ਵੀ ਬਿਨਾਂ ਦੇਰੀ ਕੀਤੇ ਜਾਣਗੇ ਅਤੇ ਪਿੰਡ ਨੂੰ ਸ਼ਹਿਰ ਬਣਾਉਣ ’ਚ ਕਸਰ ਨਹੀਂ ਛੱਡਾਂਗੇ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਹੀਰਾ ਸਿੰਘ, ਚੇਅਰਮੈਨ ਹਰਮਨ ਕੁਲਾਰ, ਹਰਪਾਲ ਹਾਂਸ, ਬਲਾਕ ਸਮਿਤੀ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ ਹਾਜ਼ਰ ਸਨ।
ਕੈਪਸ਼ਨ- ਪਿੰਡ ਹਾਂਸ ਕਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਸੰਦੀਪ ਸੰਧੂ ਤੇ ਹੋਰ।