ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਅਪਰੈਲ
ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਵਿਚ ਪੜ੍ਹਦੇ ਗ਼ਰੀਬ ਪਰਿਵਾਰਾਂ ਨੂੰ ਵਧੀਆ ਪੜ੍ਹਾਈ ਸਹੂਲਤਾਂ ਦੇਣ ਦੇ ਮਕਸਦ ਨਾਲ ਭਗਵਾਨ ਮਹਾਂਵੀਰ ਕੰਪਿਊਟਰ ਪ੍ਰੋਗਰਾਮ ਤਹਿਤ ਦੋ ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰ ਲੈਬ ਬਣਾਈਆਂ ਗਈਆਂ ਹਨ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਾਪਤ ਕੰਪਿਊਟਰਾਂ ਦਾ ਸਹੀ ਉਪਯੋਗ ਕਰਨ ਲਈ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਸਕੂਲ ਵਿੱਚ ਦੋ ਕੰਪਿਊਟਰ ਲੈਬ ਤਿਆਰ ਕਰਵਾਈਆਂ ਗਈਆਂ ਹਨ। ਇਨ੍ਹਾਂ ਦੀ ਢੁਕਵੀਂ ਵਰਤੋਂ ਲਈ ਐਸਐਸ ਜੈਨ ਸਭਾ ਦੀ ਸਹਾਇਤਾ ਵੱਲੋਂ ਸਕੂਲ ਨੂੰ ਪੱਕੇ ਤੌਰ ’ਤੇ ਕੰਪਿਊਟਰ ਅਧਿਆਪਕ ਮੁਹੱਈਆ ਕਰਵਾਇਆ ਗਿਆ ਹੈ। ਇਸ ਦਾ ਸਾਰਾ ਖ਼ਰਚ ਸੰਸਥਾ ਵੱਲੋਂ ਕੀਤਾ ਜਾਵੇਗਾ। ਸ੍ਰੀ ਸੇਖੋਂ ਨੇ ਦੱਸਿਆ ਕਿ ਅੱਜ ਸਭਾ ਦੇ ਸਰਪ੍ਰਸਤ ਮਹਿੰਦਰਪਾਲ ਜੈਨ ਅਤੇ ਪ੍ਰਧਾਨ ਦੀਪਕ ਜੈਨ ਵੱਲੋਂ ਇਸ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਬੀਪੀਈਓ ਮਾਂਗਟ-2 ਆਸ਼ਾ ਰਾਣੀ ਨੇ ਸਭਾ ਦਾ ਧੰਨਵਾਦ ਕੀਤਾ। ਸਭਾ ਦੇ ਸਰਪ੍ਰਸਤ ਮਹਿੰਦਰਪਾਲ ਜੈਨ ਨੇ ਸਕੂਲ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।