ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਫਰਵਰੀ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਬਾ ਮੁਕੰਦ ਸਿੰਘ ਸਕੂਲ ਰੋਡ ’ਤੇ ਬਣਨ ਵਾਲੇ ਸਟੇਡੀਅਮ ਕਮ ਪਾਰਕ ਅਤੇ ਕਮਿਊਨਿਟੀ ਸੈਂਟਰ ਦਾ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਨਕਸ਼ਾ ਦੇਖਦੇ ਹੋਏ ਜਾਇਜ਼ਾ ਲਿਆ। ਇਸ ਮੌਕੇ ’ਤੇ ਬੈਂਸ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ’ਤੇ ਇਸ ਇਲਾਕੇ ਵਿਚ 2.50 ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ਕਮ ਪਾਰਕ ਅਤੇ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਹੈ। ਇਸ ਸਬੰਧੀ ਉਹ ਲੰਬੇ ਸਮੇਂ ਤੋਂ ਯਤਨ ਕਰਦੇ ਆ ਰਹੇ ਹਨ ਤੇ ਜਲਦ ਹੀ ਇਲਾਕਾ ਵਾਸੀਆਂ ਨੂੰ ਤੋਹਫ਼ਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਗੋਲਡਨ ਪਾਰਕ ਤੋਂ ਲੈ ਕੇ ਗਿਆਸਪੁਰਾ ਤੱਕ ਬੱਚਿਆਂ ਦੇ ਖੇਡਣ ਲਈ ਕੋਈ ਜਗ੍ਹਾ ਨਹੀਂ ਸੀ ਅਤੇ ਹੁਣ ਭੱਵਿਖ ਵਿਚ ਇਸ ਸਟੇਡੀਅਮ ਤੋਂ ਬਹੁਤ ਸਾਰੇ ਬੱਚੇ ਖਿਡਾਰੀ ਬਣ ਕੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿਚ ਕ੍ਰਿਕਟ, ਹਾਕੀ, ਫੁਟਬਾਲ, ਵਾਲੀਬਾਲ ਸਣੇ ਹੋਰ ਕਈ ਖੇਡਾਂ ਦੇ ਇਨਡੋਰ ਅਤੇ ਆਊਟਡੋਰ ਮੈਦਾਨ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿਚ ਸੈਰ ਕਰਨ ਲਈ ਕੋਈ ਜਗ੍ਹਾ ਨਹੀਂ ਸੀ, ਇਸ ਲਈ ਇੱਥੇ ਸਟੇਡੀਅਮ ਦੇ ਨਾਲ ਪਾਰਕ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਸ੍ਰੀ ਬੈਂਸ ਨੇ ਦੱਸਿਆ ਕਿ ਇੱਥੇ ਵੱਡੀ ਗਿਣਤੀ ਵਿਚ ਗ਼ਰੀਬ ਲੋਕ ਰਹਿੰਦੇ ਹਨ, ਉਨ੍ਹਾਂ ਦੇ ਬੱਚਿਆਂ ਦੇ ਵਿਆਹ-ਸ਼ਾਦੀ ਅਤੇ ਹੋਰ ਸਮਾਗਮਾਂ ਲਈ ਕਮਿਊਨਿਟੀ ਸੈਂਟਰ ਵੀ ਬਣਾਇਆ ਜਾ ਰਿਹਾ ਹੈ।