ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਅਪਰੈਲ
ਇੱਥੇ ਪਿੰਡ ਨੱਥੋਵਾਲ ਵਿਚ ਉਸਾਰੇ ਖ਼ੂਬਸੂਰਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੀ ਮੌਜੂਦਗੀ ਵਿਚ ਪੰਜ ਪਿਆਰਿਆਂ ਨੇ ਕੀਤਾ। ਸਕੂਲ ਦੀ ਉਸਾਰੀ ਲਈ 25 ਲੱਖ ਰੁਪਏ ਤੋਂ ਵਧੇਰੇ ਦਾ ਯੋਗਦਾਨ ਪਾਉਣ ਵਾਲੇ ਕੈਨੇਡਾ ਵਾਸੀ ਗੁਰਦੀਪ ਸਿੰਘ ਬੁੱਟਰ ਦੇ ਪਰਿਵਾਰ ਸਮੇਤ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਿੰਡ ਨੱਥੋਵਾਲ ਵਾਸੀਆਂ ਨੇ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਗੁਰਦੀਪ ਸਿੰਘ ਬੁੱਟਰ ਨੇ ਇਸ ਮੌਕੇ ਕਿਹਾ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਸੁਫ਼ਨਾ ਅੱਜ ਸਾਕਾਰ ਹੋਇਆ ਹੈ। ਡੀਸੀ ਵਰਿੰਦਰ ਸ਼ਰਮਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਕੂਲ ਵਿਚ ਅਧਿਆਪਕਾਂ ਦੀ ਕਮੀ ਦੂਰ ਕਰ ਕੇ ਹੋਰ ਬੁਨਿਆਦੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਪਿੰਡ ਦੀ ਵੈੱਲਫੇਅਰ ਸੁਸਾਇਟੀ ਦੇ ਆਗੂ ਜਗਦੇਵ ਸਿੰਘ ਅਨੁਸਾਰ ਗੁਰਦੀਪ ਸਿੰਘ ਬੁੱਟਰ, ਡਾ. ਭਜਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਪਰਿਵਾਰ ਵੱਲੋਂ ਬੀਬੀ ਜਸਵਿੰਦਰ ਕੌਰ ਸਮੇਤ ਹੋਰ ਦਰਜਨਾਂ ਪਰਿਵਾਰਾਂ ਤੋਂ ਮਿਲੇ ਸਹਿਯੋਗ ਨਾਲ 57 ਲੱਖ ਰੁਪਏ ਦੇ ਕਰੀਬ ਲਾਗਤ ਨਾਲ ਸਕੂਲ ਉਸਾਰਿਆ ਗਿਆ ਹੈ ਅਤੇ ਹਾਲੇ ਕਈ ਹੋਰ ਕੰਮ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਮੌਕੇ ਰਾਏਕੋਟ ਦੇ ਐੱਸਡੀਐਮ ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਮੋਗਾ ਦੇ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਜਸਵਿੰਦਰ ਕੌਰ, ਸੇਵਾ ਮੁਕਤ ਸਿੱਖਿਆ ਅਫ਼ਸਰ ਰਾਜਿੰਦਰ ਕੌਰ, ਸਰਪੰਚ ਜਸਵੀਰ ਕੌਰ, ਚੇਅਰਮੈਨ ਕਿਰਪਾਲ ਸਿੰਘ ਹਾਜ਼ਰ ਸਨ।