ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਨਵੰਬਰ
ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਨੇੜਲੇ ਪਿੰਡ ਡੱਲਾ ’ਚ 75 ਲੱਖ ਦੀ ਲਾਗਤ ਨਾਲ ਬਣੀਆਂ ਵੱਖ-ਵੱਖ ਸੜਕਾਂ ਦਾ ਉਦਘਾਟਨ ਕੀਤਾ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ’ਚ ਡੱਲਾ-ਅਖਾੜਾ ਮਾਰਗ ਤੋਂ ਇਲਾਵਾ ਪਿੰਡ ਵਿਚਲੀਆਂ ਸਮੁੱਚੀਆਂ ਸੜਕਾਂ ਸ਼ਾਮਲ ਹਨ। ਪਿੰਡ ’ਚ ਰੱਖੇ ਉਦਘਾਟਨੀ ਸਮਾਗਮ ਸਮੇਂ ਚੇਅਰਮੈਨ ਦਾਖਾ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਕਰਕੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੂਬੇ ਦੇ ਵਾਰ-ਵਾਰ ਗੇੜੇ ਮਾਰ ਕੇ ਸਬਜ਼ਬਾਗ ਦਿਖਾ ਰਹੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਵੀ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ ਪਰ ਉਨ੍ਹਾਂ ਦੇ ਪੈਰ ਨਹੀਂ ਲੱਗ ਰਹੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਿਖੇਧੀ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਸ਼ਿਆਂ, ਬੇਅਦਬੀ, ਮਾਫੀਆ ਆਦਿ ਬਾਰੇ ਲਏ ਸਟੈਂਡ ਨੂੰ ਦਰੁਸਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ। ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਵਾਈਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ ਮੌਜੂਦ ਸਨ।