ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਜੂਨ
ਨੇੜਲੇ ਪਿੰਡ ਸ਼ੇਖਦੌਲਤ ਵਿੱਚ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ’ਚ ਉਸਾਰੇ ਗਏ 11 ਕੇਵੀ ਫੀਡਰ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤਾ ਗਿਆ। ਇਸ ਮੌਕੇ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਇੰਜਨੀਅਰ ਅਨਿਲ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਨਵੇਂ ਫੀਡਰ ਦੇ ਉਦਘਾਟਨ ਮੌਕੇ ਵਿਧਾਇਕ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਹਲਕੇ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ ਅਤੇ ਇਹ ਮਿਸ਼ਨ ਉਹ ਹਰ ਹੀਲੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਬਿਜਲੀ ਵਿਭਾਗ ਦੀ ਮੈਨੇਜਮੈਂਟ ਨਾਲ ਰਾਬਤਾ ਕਰਕੇ ਟੀਆਰਵਾਈ ਉਪ ਮੰਡਲ ਜਗਰਾਉਂ ਚਾਲੂ ਕਰਵਾਇਆ ਗਿਆ ਅਤੇ ਹੁਣ ਨਵੇਂ ਉਸਾਰੇ ਗਏ 11 ਕੇਵੀ ਫੀਡਰ ਦੇ ਚਾਲੂ ਹੋਣ ਨਾਲ ਇਲਾਕੇ ਦੇ 10-12 ਪਿੰਡਾਂ ਨੂੰ ਬਿਜਲੀ ਦੀ ਸਹੂਲਤ ਮਿਲੇਗੀ। ਉਨ੍ਹਾਂ ਆਖਿਆ ਕਿ ਜਗਰਾਉਂ ਹਲਕੇ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੇਂਦਰੀ ਜ਼ੋਨ ਲੁਧਿਆਣਾ ਦੇ ਮੁੱਖ ਇੰਜ: ਪਰਵਿੰਦਰ ਸਿੰਘ ਖਾਂਬਾ ਅਤੇ ਮਹਿਕਮੇ ਦੇ ਹੋਰ ਅਧਿਕਾਰੀਆਂ ਦੇ ਸਹਿਯੋਗ ਨਾਲ ਹਲਕੇ ਅੰਦਰ ਤਿੰਨ ਨਵੇਂ ਬਿਜਲੀ ਗਰਿੱਡ ਉਸਾਰਨ ਦਾ ਟੀਚਾ ਹੈ, ਜਿਸ ਲਈ ਜੰਗੀ ਪੱਧਰ ’ਤੇ ਕੋਸ਼ਿਸ਼ਾਂ ਜਾਰੀ ਹਨ।