ਗਗਨਦੀਪ ਅਰੋੜਾ
ਲੁਧਿਆਣਾ, 26 ਸਤੰਬਰ
ਸੂਬੇ ਵਿੱਚ ਮਿਲ ਰਹੀਆਂ ਧਮਕੀਆਂ ਕਾਰਨ ਪੰਜਾਬ ਪੁਲੀਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਤਿਉਹਾਰਾਂ ਦੇ ਦਿਨ ਹੋਣ ਕਰ ਕੇ ਸੜਕਾਂ, ਧਾਰਮਿਕ ਸਥਾਨਾਂ ਤੇ ਦਸਹਿਰਾ ਮੇਲਿਆਂ ਵਿੱਚ ਲੋਕਾਂ ਦੀ ਭੀੜ ਹੈ। ਇਸ ਨੂੰ ਦੇਖਦੇ ਹੋਏ ਲੁਧਿਆਣਾ ਪੁਲੀਸ ਨੇ ਸੁਰੱਖਿਆ ਦੀ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਲੁਧਿਆਣਾ ’ਚ ਕਰੀਬ 35 ਥਾਵਾਂ ’ਤੇ ਮੇਲੇ ਲੱਗੇ ਹਨ। ਇਸ ਦੇ ਨਾਲ ਨਾਲ ਨਰਾਤੇ ਵੀ ਚੱਲ ਰਹੇ ਹਨ ਇਸ ਕਰ ਕੇ ਮੰਦਰਾਂ ਵਿੱਚ ਸਮਾਗਮ ਹੋਣ ਕਾਰਨ ਭੀੜ ਹੋ ਰਹੀ ਹੈ। ਪੁਲੀਸ ਨੇ ਮੰਦਰਾਂ ਤੇ ਮੇਲੇ ਵਾਲੀਆਂ ਥਾਵਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਨਾਲ ਹੀ ਮੇਲਾ ਪ੍ਰਬੰਧਕ ਕਮੇਟੀਆਂ ਨੂੰ ਇਸ ਵਾਰ ਲੁਧਿਆਣਾ ਕਮਿਸ਼ਨਰੇਟ ਪੁਲੀਸ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਸੀਸੀਟੀਵੀ ਕੈਮਰਿਆਂ ਦੇ ਨਾਲ ਨਾਲ ਮੇਲੇ ਦੀ ਵੀਡੀਓਗ੍ਰਾਫੀ ਵੀ ਕਰਵਾਉਣ। ਮੇਲੇ ਅੰਦਰ ਆਉਣ ਤੇ ਜਾਣ ਦੇ ਰਸਤਿਆਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।
ਪੰਜਾਬ ’ਚ ਲਗਾਤਾਰ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਤੋਂ ਬਾਅਦ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਕੋਲ ਕੁਝ ਜਾਣਕਾਰੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਲੱਗਣ ਵਾਲੇ ਦਸਹਿਰਾ ਮੇਲਿਆਂ ’ਚ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ। ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਰੀਬ 35 ਥਾਵਾਂ ’ਤੇ ਮੇਲੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਵੀ ਕਈ ਥਾਵਾਂ ’ਤੇ ਛੋਟੇ-ਛੋਟੇ ਸਮਾਗਮ ਹੁੰਦੇ ਰਹਿੰਦੇ ਹਨ। ਵੱਡੇ ਸਮਾਗਮ ’ਚ ਪੁਲੀਸ ਫੋਰਸ ਵੀ ਜ਼ਿਆਦਾ ਲਾਉਣੀ ਪੈਂਦੀ ਹੈ ਤੇ ਅਧਿਕਾਰੀ ਖ਼ੁਦ ਨਜ਼ਰ ਰੱਖਦੇ ਹਨ।
ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਹਰ ਥਾਣਾ ਇੰਚਾਰਜ ਨੂੰ ਆਪਣੇ ਇਲਾਕੇ ’ਚ ਲੱਗਣ ਵਾਲੇ ਮੇਲੇ ’ਚ ਸੁਰੱਖਿਆ ਪ੍ਰਬੰਧਾਂ ਨੂੰ ਚੈਕ ਕਰਨ ਅਤੇ ਅਪਡੇਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੇਲਾ ਪ੍ਰਬੰਧਕ ਕਮੇਟੀਆਂ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਉਹ ਸੀਸੀਟੀਵੀ ਕੈਮਰੇ ਲਵਾਉਣ। ਇਸ ਦੇ ਨਾਲ ਨਾਲ ਵੀਡੀਓਗ੍ਰਾਫ਼ੀ ਵੀ ਕਰਵਾਉਣ। ਇਸ ਦੇ ਨਾਲ ਨਾਲ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੰਦਰ ਦੇ ਬਾਹਰ ਅਤੇ ਅੰਦਰ ਵੀ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਵੀ ਇਹ ਆਖ ਦਿੱਤਾ ਗਿਆ ਹੈ ਕਿ ਉਹ ਰੋਜ਼ਾਨਾ ਧਾਰਮਿਕ ਸਥਾਨਾਂ ਦੇ ਨਾਲ ਨਾਲ ਮੇਲਾ ਸਥਾਨ ’ਤੇ ਵੀ ਚੈਕਿੰਗ ਕਰਨ। ਪੁਲੀਸ ਕਮਿਸ਼ਨਰ ਨੇ ਸ਼ਹਿਰ ’ਚ ਦਾਖ਼ਲਿਆਂ ’ਤੇ ਵੀ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਹਨ।