ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਅਕਤੂਬਰ
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪਹਿਲੀ ਵਾਰ ਸੂਬੇ ਵਿੱਚ ਝੋਨੇ ਦੀ ਖਰੀਦ ਕੀਤੀ ਜਾਣੀ ਹੈ ਪਰ ਝੋਨੇ ਦੀ ਖਰੀਦ ’ਚ ਕਈ ਪੇਚ ਫਸਣ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਅਦਾਇਗੀ ਤੇ ਆੜ੍ਹਤੀਆਂ ਨੂੰ ਖਰੀਦ ਅਤੇ ਢੋਆ ਢੁਆਈ ’ਚ ਦਿੱਕਤ ਨਾ ਆਉਣ ਦੇਣ ਦੇ ਵਾਅਦੇ ਠੁੱਸ ਹੋ ਗਏ ਹਨ। ਆਨਲਾਈਨ ਗੇਟ ਪਾਸ ਦੀ ਐਂਟਰੀ ਦੇ ਨਿਯਮ ਕਾਰਨ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਲਿਫਟਿੰਗ ਦੀ ਸਮੱਸਿਆ ਕਾਰਨ ਕਿਸਾਨਾਂ ਦੀ ਅਦਾਇਗੀ ਵੀ ਰੁਕ ਗਈ ਹੈ। ਜ਼ਿਕਰਯੋਗ ਹੈ ਕਿ ਮੰਡੀ ਲਿਫਟਿੰਗ ਦਾ ਕੰਮ ਰੁਕਿਆ ਪਿਆ ਹੈ ਤੇ ਨਵੀਂ ਫਸਲ ਦੀ ਆਮਦ ਤੇਜ਼ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 69316 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਗਈ, ਜਿਸ ਵਿਚੋਂ 1238 ਕੁਇੰਟਨ ਝੋਨੇ ਦੀ ਖਰੀਦ ਨਿੱਜੀ ਵਪਾਰੀਆਂ ਦੀ ਸੀ, ਬਾਕੀ 68078 ਕੁਇੰਲ ਅਣਲਿਫਟਿੰਗ ਮੰਡੀ ਵਿੱਚ ਪਈ ਹੈ। ਖਰੀਦੇ ਝੋਨੇ ਦੀ ਢੋਆ ਢੁਆਈ ਲਈ ਸਰਕਾਰ ਵੱਲੋਂ ਆਨਲਾਈਨ ਗੇਟ ਪਾਸ ਬਣਾਇਆ ਜਾਣਾ ਹੈ, ਜਿਸ ਨੇ ਢੋਆ ਢੁਆਈ ਦੇ ਕੰਮ ਨੂੰ ਬ੍ਰੇਕਾਂ ਲਾ ਦਿੱਤੀਆਂ ਹਨ ਕਿਉਂਕਿ ਲਿਫਟਿੰਗ ਦੇ ਨਵੇਂ ਨਿਯਮਾਂ ਲਈ ਖ੍ਰੀਦ ਏਜੰਸੀਆਂ ਕੋਲ ਨਾ ਹੀ ਲੋੜੀਂਦਾ ਸਟਾਫ ਹੈ ਤੇ ਨਾ ਹੀ ਵਾਰ ਵਾਰ ਕੰਪਿਊਟਰ ਰਾਹੀਂ ਗੇਟ ਪਾਸ ਕੱਢਿਆ ਜਾ ਸਕਦਾ ਹੈ। ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਦੀ ਅਗਵਾਈ ਹੇਠਾਂ ਆੜ੍ਹਤੀਆਂ ਨੇ ਏਡੀਸੀ ਅਮਰਜੀਤ ਬੈਂਸ ਅਤੇ ਐੱਸਡੀਐਮ ਮਨਜੀਤ ਕੌਰ ਨਾਲ ਮੀਟਿੰਗ ਵੀ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਯਾਦਵਿੰਦਰ ਸਿੰਘ ਲਬਿੜਾ ਨੇ ਕਿਹਾ ਕਿ ਗੇਟ ਪਾਸ ਦੇ ਨਿਯਮਾਂ ਸਬੰਧੀ ਏਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਕੱਢਿਆ ਗਿਆ ਤਾਂ ਆੜ੍ਹਤੀ ਮੰਡੀਆਂ ਬੰਦ ਕਰਕੇ ਹੜਤਾਲ ’ਤੇ ਚਲੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ।
ਗੇਟਪਾਸ ਦੀ ਸਮੱਸਿਆ ਕੀਤੀ ਜਾ ਰਹੀ ਹੈ ਹੱਲ: ਐੱਸਡੀਐੱਮ
ਏਡੀਸੀ ਅਮਰਜੀਤ ਬੈਂਸ ਨੇ ਕਿਹਾ ਕਿ ਮਸਲੇ ਦਾ ਹੱਲ ਕੀਤਾ ਗਿਆ ਹੈ, ਆਨਲਾਈਨ ਇਕ ਬਦਲ ਹੈ ਜੇਕਰ ਆੜ੍ਹਤੀ ਨਹੀਂ ਕਰਨਾ ਚਾਹੇ ਤਾਂ ਇੰਸਪੈਕਟਰ ਕਰੇਗਾ, ਜਿਸ ਕਰਕੇ ਅੱਜ ਲਿਫਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਗੇਟਪਾਸ ਦੇ ਮਸਲੇ ਦਾ ਹੱਲ ਸਰਕਾਰ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਮਾਛੀਵਾੜਾ ਦਾਣਾ ਮੰਡੀ ਵਿੱਚ ਝੋਨੇ ਦੀ ਚੁਕਾਈ ਸ਼ੁਰੂ
ਮਾਛੀਵਾੜਾ,(ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ਦੇ ਨਿਯਮਾਂ ਦਾ ਵਿਰੋਧ ਕਰਦਿਆਂ ਮਾਛੀਵਾੜਾ ਦਾਣਾ ਮੰਡੀ ਦੇ ਆੜ੍ਹਤੀ ਹੜਤਾਲ ’ਤੇ ਚਲੇ ਗਏ ਸਨ ਪਰ ਅੱਜ ਸਰਕਾਰ ਨੇ ਇਹ ਨਿਯਮ ਵਾਪਸ ਲੈ ਲਏ ਹਨ, ਜਿਸ ਕਾਰਨ ਇੱਥੇ ਲਿਫਟਿੰਗ ਸ਼ੁਰੂ ਹੋ ਗਈ ਹੈ। ਆੜ੍ਹਤੀਆਂ ਨੇ ਆਪਣੀ ਹੜਤਾਲ ਵੀ ਖ਼ਤਮ ਕਰ ਦਿੱਤੀ ਹੈ। ਮਾਛੀਵਾੜਾ ਦਾਣਾ ਮੰਡੀ ਵਿਚ ਆੜ੍ਹਤੀ ਨਿਤਿਨ ਕੁਮਾਰ ਜੈਨ ਦੀ ਦੁਕਾਨ ਤੋਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ ਵੱਲੋਂ ਫਸਲ ਦੀ ਲਿਫਟਿੰਗ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਵੀ ਮੌਜੂਦ ਸਨ।