ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਗਸਤ
ਕੇਂਦਰੀ ਜੇਲ੍ਹ ’ਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਭੈਣਾਂ ਪੁੱਜੀਆਂ। ਰੱਖੜੀ ਦੇ ਤਿਉਹਾਰ ’ਤੇ ਜੇਲ੍ਹ ਪ੍ਰਬੰਧਕਾਂ ਵੱਲੋਂ ਕੁਝ ਸਖਤ ਕਦਮ ਚੁੱਕਦੇ ਹੋਏ ਫੇਰਬਦਲ ਕੀਤੇ ਗਏ। ਕੈਦੀਆਂ ਤੇ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਦੀ ਡਿਊੜੀ ’ਚ ਖਾਸ ਪ੍ਰਬੰਧ ਕੀਤੇ ਗਏ, ਪਰ ਚੈਕਿੰਗ ਹੋਰ ਵੀ ਜ਼ਿਆਦਾ ਕੀਤੀ ਗਈ। ਪਹਿਲੀ ਵਾਰ ਜੇਲ੍ਹ ’ਚ ਮਠਿਆਈ ਲਿਆਉਣ ਦੀ ਮਨਾਹੀ ਰਹੀ ਤੇ ਮਿਸ਼ਰੀ ਨਾਲ ਕੈਦੀ ਭਰਾਵਾਂ ਦਾ ਭੈਣਾਂ ਮੂੰਹ ਮਿੱਠਾ ਕਰਵਾਇਆ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਸ ਵਾਰ ਰੱਖੜੀਆਂ ਤੱਕ ਦੀ ਜਾਂਚ ਵੀ ਕੀਤੀ ਜਾਵੇਗੀ। ਜੇਲ੍ਹ ’ਚ 2600 ਤੋਂ ਜ਼ਿਆਦਾ ਕੈਦੀ ਤੇ ਹਵਾਲਾਤੀ ਹਨ। ਰੱਖੜੀ ਦੇ ਤਿਉਹਾਰ ਕਾਰਨ ਸਾਰਾ ਪ੍ਰਬੰਧ ਜੇਲ੍ਹ ਦੀ ਡਿਓੜੀ ’ਚ ਕੀਤਾ ਗਿਆ। ਭੈਣਾਂ ਦੇ ਬੈਠਣ ਲਈ ਕੁਰਸੀਆਂ ਤੇ ਟੇਬਲ ਰੱਖੇ ਗਏ, ਇਸੇ ਨਾਲ ਹੀ ਸਜਾਵਟ ਵੀ ਕਰਵਾਈ ਗਈ। ਭੈਣਾਂ ਆਪਣੇ ਭਰਾਵਾਂ ਲਈ ਜੋ ਰੱਖੜੀਆਂ ਲਿਆਈਆਂ, ਉਨ੍ਹਾਂ ਦੀ ਐਕਸਰੇਅ ਮਸ਼ੀਨ ’ਚ ਜਾਂਚ ਕੀਤੀ ਗਈ। ਜਾਂਚ ਕਰਨ ਤੋਂ ਬਾਅਦ ਰੱਖੜੀ ਬੰਨ੍ਹਣ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਵੀ ਮਠਿਆਈ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਹੀ ਮਿਸ਼ਰੀ ਦਿੱਤੀ ਗਈ ਤੇ ਉਸ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਹਰ ਭੈਣ ਨੂੰ ਆਪਣੇ ਭਰਾ ਨਾਲ ਮਿਲਣ ਦਾ 10 ਤੋਂ 15 ਮਿੰਟ ਦਾ ਸਮਾਂ ਦਿੱਤਾ ਗਿਆ ਤਾਂ ਕਿ ਸਾਰਿਆਂ ਦੀ ਵਾਰੀ ਆ ਸਕੇ। ਇਸ ਦੌਰਾਨ ਡਿਓੜੀ ’ਚ 2 ਪੜਾਅ ’ਚ ਸੁਰੱਖਿਆ ਪ੍ਰਬੰਧ ਕੀਤੇ ਗਏ। ਜਿਸ ਨਾਲ ਜੇਲ੍ਹ ਪੁਲੀਸ ਦੇ ਨਾਲ-ਨਾਲ ਸਪੈਸ਼ਲ ਫੋਰਸ ਨੂੰ ਵੀ ਲਾਇਆ ਗਿਆ। ਇਸ ਤੋਂ ਇਲਾਵਾ ਜੇਲ੍ਹ ਦੀਆਂ ਕੰਧਾਂ ਤੇ ਟਾਵਰਾਂ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ ਤਾਂ ਕਿ ਇਸ ਸਾਰੇ ਪ੍ਰੋਗਰਾਮ ਦੌਰਾਨ ਬਾਹਰੋ ਕੋਈ ਜੇਲ੍ਹ ’ਚ ਨਸ਼ਾ ਜਾਂ ਮੋਬਾਈਲ ਨਾ ਸੁੱਟ ਸਕੇ, ਜੇਕਰ ਕੋਈ ਸੁੱਟਦਾ ਹੈ ਤਾਂ ਉਸ ’ਤੇ ਨਜ਼ਰ ਰੱਖੀ ਜਾ ਸਕੇ। ਜੇਲ੍ਹ ਦੇ ਕੰਟਰੋਲ ਰੂਮ ’ਚ ਲੱਗੇ ਕੈਮਰਿਆਂ ਨੂੰ ਵੀ ਇੱਕ ਦਿਨ ਪਹਿਲਾਂ ਚੈੱਕ ਕਰ ਲਿਆ ਗਿਆ। ਐਂਟੀ ਐਗਜ਼ਿਟ, ਡਿਊੜੀ, ਬੈਰਕ ਤੇ ਸਾਰੀਆਂ ਥਾਂਵਾਂ ਦੇ ਕੈਮਰਿਆਂ ਦੀ ਲੋਕੇਸ਼ਨ ਤੇ ਫੋਕਸ ਨੂੰ ਸੈੱਟ ਕੀਤਾ ਗਿਆ। ਜਿਸ ਨਾਲ ਹਰ ਛੋਟੀ ਤੋਂ ਛੋਟੀ ਚੀਜ਼ ’ਤੇ ਬਾਜ਼ ਅੱਖ ਰੱਖੀ ਗਈ।