ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਅਪਰੈਲ
ਸਥਾਨਕ ਥਾਣਾ ਸਿਟੀ ਅੱਗੇ ਚੱਲ ਰਿਹਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਇਸੇ ਤਰ੍ਹਾਂ ਮ੍ਰਿਤਕ ਕੁਲਵੰਤ ਕੌਰ ਦੀ ਮਾਂ ਦੀ ਭੁੱਖ ਹੜਤਾਲ ਵੀ ਅੱਜ ਅੱਠਵੇਂ ਜਾਰੀ ਰਹੀ। ਧਰਨੇ ’ਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਾਧੂ ਸਿੰਘ ਅਚਰਵਾਲ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਨਿਰਮਲ ਸਿੰਘ, ਮਨੋਹਰ ਸਿੰਘ, ਦਲਜੀਤ ਸਿੰਘ ਨੇ ਕਿਹਾ ਕਿ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੇ ਬਾਵਜੂਦ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਕਥਿਤ ਪੱਖਪਾਤ ਕਰ ਰਹੇ ਹਨ ਕਿਉਂਕਿ ਪਰਚੇ ’ਚ ਇਕ ਡੀਐੱਸਪੀ ਅਤੇ ਏਐੱਸਆਈ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਤੋਂ ਇਸ ਮਾਮਲੇ ’ਚ ਕਾਰਵਾਈ ਦੀ ਮੰਗ ਕਰਦਿਆਂ ਹਾਕਮ ਧਿਰ ਦੇ ਸਥਾਨਕ ਆਗੂਆਂ ਵੱਲੋਂ ਚੁੱਪ ਵੱਟਣ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀਆਂ ਕਰਨ ਦੀ ਥਾਂ ਮੁਕੱਦਮੇ ਨੂੰ ਖਾਰਜ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਧਰਨੇ ’ਚ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜਗਰੂਪ ਸਿੰਘ, ਜਿੰਦਰ ਸਿੰਘ ਮਾਣੂੰਕੇ, ਬਹਾਦਰ ਸਿੰਘ, ਮਲਕੀਅਤ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।