ਸੰਤੋਖ ਗਿੱਲ
ਗੁਰੂਸਰ ਸੁਧਾਰ, 8 ਸਤੰਬਰ
ਸੁਧਾਰ ਦੇ ਮੁੱਖ ਬਾਜ਼ਾਰ ਵਿਚ ਰੋਸ ਪ੍ਰਦਰਸ਼ਨ ਤੋਂ ਬਾਅਦ ਸੀਟੂ ਕਾਰਕੁਨਾਂ ਨੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਦੇਰ ਸ਼ਾਮ ਐਸ.ਐਸ.ਪੀ ਮਾਨਸਾ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸੀਟੂ ਦੇ ਸੂਬਾ ਸਕੱਤਰ ਕੁਲਵਿੰਦਰ ਸਿੰਘ ਉੱਡਤ ਸਣੇ ਦਰਜਨਾਂ ਸੀਟੂ ਆਗੂਆਂ ਅਤੇ ਵਰਕਰਾਂ ਉੱਪਰ 5 ਸਤੰਬਰ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਦਫ਼ਤਰ ਵਿਚ ਦਾਖ਼ਲ ਹੋ ਕੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਅੰਨ੍ਹਾ ਤਸ਼ੱਦਦ ਢਾਹਿਆ ਹੈ। ਮਾਨਸਾ ਪੁਲੀਸ ਵੱਲੋਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਪਰ ਤਸ਼ੱਦਦ ਕਰਨ ਸਮੇਂ ਬਹੁਤ ਸਾਰੇ ਪੁਲੀਸ ਮੁਲਾਜ਼ਮ ਬਿਨਾ ਵਰਦੀ ਵੀ ਸ਼ਾਮਲ ਸਨ। ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਓਟ ਹੇਠ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰੋਸ ਪ੍ਰਗਟ ਕਰਨ ਦੇ ਸੰਵਿਧਾਨਕ ਹੱਕ ਨੂੰ ਪੈਰਾਂ ਹੇਠ ਰੋਲਣ ਦੇ ਰਾਹ ਪੈ ਗਈ ਹੈ। ਐੱਸਐੱਸਪੀ ਮਾਨਸਾ ਦੇ ਇਸ ਨਾਦਰਸ਼ਾਹੀ ਫ਼ਰਮਾਨ ਵਿਰੁੱਧ ਸੂਬੇ ਭਰ ਵਿਚ ਪੁਤਲੇ ਫੂਕਣ ਦਾ ਸਿਲਸਿਲਾ ਉਨ੍ਹਾਂ ਚਿਰ ਜਾਰੀ ਰਹੇਗਾ, ਜਦੋਂ ਤੱਕ ਬੇਕਸੂਰ ਸੀਟੂ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ।