ਸੰਤੋਖ ਗਿੱਲ
ਰਾਏਕੋਟ, 21 ਅਗਸਤ
ਭਾਰਤ ਮਾਲਾ ਪ੍ਰਾਜੈਕਟ ਅਧੀਨ ਬਠਿੰਡਾ-ਲੁਧਿਆਣਾ ਕੌਮੀ ਮਾਰਗ ਲਈ ਜ਼ਮੀਨਾਂ ਗ੍ਰਹਿਣ ਕਰਨ ਦੇ ਮਾਮਲੇ ਵਿਚ ਅੱਜ ਫਿਰ ਛੁੱਟੀ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਏਕੋਟ ਇਲਾਕੇ ਵਿਚ ਹੱਲਾ ਬੋਲਿਆ। ਪਿੰਡ ਸੀਲੋਆਣੀ ਨੇੜੇ ਰਾਏਕੋਟ ਸ਼ਹਿਰ ਦੀ ਹੱਦ ਵਿਚ ਪੈਂਦੇ ਕੁਝ ਰਕਬੇ ਉੱਪਰ ਕਬਜ਼ਾ ਕਰਨ ਲਈ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਨਾਲ ਖੇਤਾਂ ਵਿਚ ਜੇਸੀਬੀ ਮਸ਼ੀਨਾਂ ਅਤੇ ਬੁਲਡੋਜ਼ਰਾਂ ਨਾਲ ਖੜ੍ਹੀ ਝੋਨੇ ਦੀ ਫ਼ਸਲ ਤਹਿਸ-ਨਹਿਸ ਕਰ ਦਿੱਤੀ। ਭਿਣਕ ਪੈਂਦੇ ਸਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਗੱਡੀਆਂ ਦਾ ਸੜਕ ‘ਤੇ ਧਰਨਾ ਮਾਰ ਕੇ ਰਸਤਾ ਰੋਕ ਲਿਆ। ਕਿਸਾਨਾਂ ਦੇ ਭਾਰੀ ਵਿਰੋਧ ਬਾਅਦ ਮਾਲ ਅਧਿਕਾਰੀ ਖਾਨਾਪੂਰਤੀ ਕਰ ਕੇ ਚਲਦੇ ਬਣੇ।
ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿਹੜੇ ਕਿਸਾਨਾਂ ਨੇ ਮੁਆਵਜ਼ੇ ਦੇ ਚੈੱਕ ਪ੍ਰਵਾਨ ਨਹੀਂ ਕੀਤੇ ਉਨ੍ਹਾਂ ਦੇ ਖੇਤਾਂ ਵਿਚ ਕੋਈ ਦਖ਼ਲ ਨਹੀਂ ਦਿੱਤਾ ਜਾਵੇਗਾ। ਤਹਿਸੀਲਦਾਰ ਮੁੱਲਾਂਪੁਰ ਰਮਨ ਗੁਪਤਾ ਵੀ ਕਿਸਾਨਾਂ ਦੇ ਰੋਹ ਕਾਰਨ ਉੱਥੋਂ ਖਿਸਕ ਗਏ ਅਤੇ ਉਨ੍ਹਾਂ ਪੱਤਰਕਾਰਾਂ ਦਾ ਫ਼ੋਨ ਵੀ ਚੁੱਕਣਾ ਬੰਦ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਰੋਡ ਸੰਘਰਸ਼ ਯੂਨੀਅਨ ਵੱਲੋਂ ਪਿੰਡ ਸੀਲੋਆਣੀ ਕਲਾਂ ਵਿੱਚ ਮਾਲ ਅਧਿਕਾਰੀਆਂ ਅਤੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਚਰਨ ਸਿੰਘ ਨੂਰਪੁਰਾ, ਬਲਵੰਤ ਸਿੰਘ ਘੁਡਾਣੀ, ਰੋਡ ਸੰਘਰਸ਼ ਯੂਨੀਅਨ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ, ਪਰਮਜੀਤ ਸਿੰਘ ਕੋਟ ਆਗਾ, ਜਸਵੰਤ ਸਿੰਘ ਭੱਟੀਆਂ, ਕੁਲਦੀਪ ਸਿੰਘ ਗੁੱਜਰਵਾਲ, ਗੁਰਪ੍ਰੀਤ ਸਿੰਘ ਅਤੇ ਕਮਿੱਕਰ ਸਿੰਘ ਰਾਏਕੋਟ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨਾਂ ਉਚਿੱਤ ਮੁਆਵਜ਼ੇ ਦੀ ਮੰਗ ਕੀਤੀ। ਦੁਫਾੜ ਹੋਈਆਂ ਜ਼ਮੀਨਾਂ ਨੂੰ ਰਸਤੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਸਾਂਝੇ ਖਾਤਿਆਂ ਵਿਚ ਕਬਜ਼ੇਦਾਰ ਕਿਸਾਨਾਂ ਨੂੰ ਮੁਆਵਜ਼ਾ ਅਦਾ ਕੀਤਾ ਜਾਵੇ, ਹੜ੍ਹਾਂ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਖੇਤੀ ਮੋਟਰਾਂ, ਬੋਰ, ਦਰੱਖਤਾਂ, ਪੱਕੇ ਖਾਲ਼ਿਆਂ ਅਤੇ ਮਕਾਨਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇ।
ਕੋਟ ਆਗਾ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਜਬਰੀ ਜ਼ਮੀਨਾਂ ਖੋਹਣ ਖ਼ਿਲਾਫ਼ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਚੱਲ ਰਿਹਾ ਮੋਰਚਾ ਲਗਾਤਾਰ ਜਾਰੀ ਹੈ। ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਮੋਰਚੇ ਵਿੱਚ ਹਾਜ਼ਰੀ ਭਰੀ ਅਤੇ ਪ੍ਰਸ਼ਾਸਨ ਅਤੇ ਸਰਕਾਰਾਂ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ। ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਸਾਧੂ ਸਿੰਘ ਪੰਜੇਟਾ, ਹਰਪ੍ਰੀਤ ਕੌਰ ਗੁੱਜਰਵਾਲ, ਰਣਜੀਤ ਕੌਰ ਕੋਟ ਆਗਾ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਇਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨ ਆਗੂਆਂ ਨਾਲ ਗੱਲਬਾਤ ਦੇ ਕਈ ਗੇੜ ਚਲਾ ਚੁੱਕਾ ਹੈ ਅਤੇ ਦੂਜੇ ਪਾਸੇ ਛੁੱਟੀ ਦਾ ਲਾਹਾ ਖੱਟ ਕੇ ਚੋਰੀ-ਛੁਪੇ ਜ਼ਮੀਨਾਂ ਦੇ ਕਬਜ਼ੇ ਲੈਣ ਪੁੱਜ ਰਿਹਾ ਹੈ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ, ਦਰਸ਼ਨ ਸਿੰਘ ਫੱਲੇਵਾਲ, ਬਲਵੰਤ ਸਿੰਘ ਘੁਡਾਣੀ, ਬਲਵਿੰਦਰ ਸਿੰਘ ਨਾਰੰਗਵਾਲ ਨੇ ਮੋਰਚੇ ਵਿੱਚ ਡਟੇ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਕਬਜ਼ੇ ਲਏ ਸੀ, ਉਹ ਵੀ ਕਿਸਾਨਾਂ ਨੇ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਦੁਬਾਰਾ ਵਾਹ ਕੇ ਫ਼ਸਲਾਂ ਬੀਜ ਲਈਆਂ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਣੀ ਦਿੱਤੀ ਕਿ ਉਹ ਕਿਸਾਨਾਂ-ਮਜ਼ਦੂਰਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ। ਲੰਗਰ ਦੀ ਸੇਵਾ ਪਿੰਡ ਹਿਆਤਪੁਰਾ ਵੱਲੋਂ ਨਿਭਾਈ ਗਈ। ਤਰਨਜੋਤ, ਅਮਨਜੋਤ, ਅੰਮ੍ਰਿਤਪਾਲ ਕੋਟ ਆਗਾ, ਮਨਦੀਪ ਗੁੱਜਰਵਾਲ ਸਮੇਤ ਹੋਰ ਨੌਜਵਾਨ ਦੋ ਮਹੀਨੇ ਤੋਂ ਲੰਗਰ ਸਮੇਤ ਹਰ ਤਰ੍ਹਾਂ ਦੀ ਸੇਵਾ ਸੰਭਾਲੀ ਹੋਈ ਹੈ।