ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਦਸੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਨੂੰ ਦੁਪਹਿਰ ਤੱਕ ਛਾਈ ਰਹੀ ਸੰਘਣੀ ਧੁੰਦ ਕਾਰਨ ਪਾਰਾ ਸ਼ਨਿੱਚਰਵਾਰ ਦੇ ਮੁਕਾਬਲੇ 8 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਠੰਢ ਤੋਂ ਬਚਾਅ ਲਈ ਭਾਰੀ ਗਿਣਤੀ ਵਿੱਚ ਲੋਕ ਸ਼ਹਿਰ ਦੇ ਬਾਜ਼ਾਰਾਂ ਤੋਂ ਗਰਮ ਕੱਪੜੇ ਵੀ ਖਰੀਦ ਦੇ ਦੇਖੇ ਗਏ। ਬੀਤੇ ਸ਼ੁੱਕਰਵਾਰ ਰਾਤ ਸਮੇਂ ਗੜ੍ਹੇ ਪੈਣ ਨਾਲ ਸ਼ਨਿੱਚਰਵਾਰ ਅਤੇ ਅੱਜ ਐਤਵਾਰ ਪੂਰੇ ਠੰਢੇ ਦਿਨ ਰਹੇ। ਸੰਘਣੀ ਧੁੰਦ ਪੈਣ ਕਰ ਕੇ ਵਾਹਨ ਚਾਲਕਾਂ, ਖਾਸ ਕਰ ਕੇ ਦੋ ਪਹੀਆ ਚਾਲਕਾਂ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਪੀਏਯੂ ਦੇ ਮੌਸਮ ਵਿਭਾਗ ਰਾਹੀਂ ਮਿਲੇ ਵੇਰਵੇ ’ਤੇ ਝਾਤੀ ਮਾਰੀਏ ਤਾਂ ਸ਼ਨਿਚਰਵਾਰ ਜਿਹੜਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਸੀ, ਉਹ ਐਤਵਾਰ ਘੱਟ ਕਿ 13 ਡਿਗਰੀ ਸੈਲਸੀਅਤ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਸ਼ਨਿਚਰਵਾਰ ਜਿਹੜਾ ਘੱਟ ਤੋਂ ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਉਹ ਐਤਵਾਰ ਨੂੰ ਹੋਰ ਘੱਟ ਹੋ ਕਿ 9.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਆਉਂਦੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।