ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਜ਼ਿਲ੍ਹੇ ਵਿੱਚ ਪਹਿਲੀ ਵਾਰ ਵੋਟ ਦੇਣ ਵਾਲੇ ਨੌਜਵਾਨਾਂ ਨੇ ਹੀ ਚੋਣਾਂ ਪ੍ਰਤੀ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ। ਪ੍ਰਸ਼ਾਸਨ ਵੀ ਇਨ੍ਹਾਂ ਨੌਜਵਾਨ ਵੋਟਰਾਂ ਨੂੰ ਜਾਗਰੂਕ ਨਹੀਂ ਕਰ ਸਕਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਵੇਂ ਬਣੇ 43 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਤੱਕ ਨਹੀਂ ਕੀਤੀ। ਇਨ੍ਹਾਂ ਵੋਟਰਾਂ ਨੇ ਵੋਟ ਤਾਂ ਬਣਵਾ ਲਈ ਪਰ ਉਹ 20 ਫਰਵਰੀ ਨੂੰ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਤੱਕ ਨਹੀਂ ਆਏ।
ਜ਼ਿਲ੍ਹੇ ’ਚ ਇਸ ਵਾਰ 36096 ਨੌਜਵਾਨਾਂ ਨੇ ਆਪਦੇ ਨਾਮ ਵੋਟਰ ਸੂਚੀ ’ਚ ਦਰਜ ਕਰਵਾਏ ਜੋ ਕਿ 2017 ਦੇ ਮੁਕਾਬਲੇ ਇਸ ਵਾਰ 6141 ਨੌਜਵਾਨ ਘੱਟ ਰਜਿਸਟਰਡ ਹੋਏ। ਪ੍ਰਸ਼ਾਸਨ ਨੇ ਸਖਤ ਮਿਹਨਤ ਤੋਂ ਬਾਅਦ ਨੌਜਵਾਨਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਤਾਂ ਕਰ ਦਿੱਤੇ ਪਰ ਨੌਜਵਾਨਾਂ ਨੇ ਵੋਟਾਂ ’ਚ ਦਿਲਚਸਪੀ ਨਾ ਦਿਖਾਈ। ਹਾਲਾਤ ਇਹ ਹਨ ਕਿ 43 ਫ਼ੀਸਦੀ ਨੌਜਵਾਨ ਵੋਟਰ ਵੋਟਿੰਗ ਲਈ ਪੋਲਿੰਗ ਸਟੇਸ਼ਨਾਂ ਤੱਕ ਨਹੀਂ ਪੁੱਜੇ। ਹਾਲਾਂਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਵਾਰ ਵਾਰ ਨੌਜਵਾਨਾਂ ਤੋਂ ਵੋਟਿੰਗ ਪ੍ਰਕਿਰਿਆ ’ਚ ਸ਼ਾਮਲ ਹੋਣ ਦੀ ਅਪੀਲ ਕਰਦੇ ਰਹੇ। ਉਧਰ, ਦੂਜੇ ਪਾਸੇ ਦਿਵਿਆਂਗ ਵੋਟਰਾਂ ਨੇ ਵੀ ਵੋਟਿੰਗ ਕੇਂਦਰਾਂ ਤੱਕ ਆਉਣ ਤੋਂ ਪ੍ਰਹੇਜ਼ ਕੀਤਾ। 14759 ਦਿਵਿਆਂਗ ਵੋਟਰਾਂ ’ਚੋਂ ਸਿਰਫ਼ 1159 ਵੋਟਰਾਂ ਨੇ ਵੋਟ ਪਾਈ।
ਲੁਧਿਆਣਾ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ 2017 ਵਿਧਾਨ ਸਭਾ ਚੋਣਾਂ ’ਚ 42257 ਨੌਜਵਾਨ ਵੋਟਰਾਂ ਦੇ ਨਾਮ ਸੂਚੀ ’ਚ ਦਰਜ ਕਰਵਾਏ ਸਨ। ਇਸ ਵਾਰ 2022 ਵਿੱਚ ਸਿਰਫ਼ 36096 ਨੌਜਵਾਨਾਂ ਦੇ ਨਾਲ ਜੁੜੇ ਹਨ। ਇਸ ’ਚ 20601 ਨੌਜਵਾਨਾਂ ਨੇ ਹੀ ਵੋਟ ਪਾਈ ਹੈ। ਗਿੱਲ ਹਲਕੇ ’ਚ ਸਭ ਤੋਂ ਜ਼ਿਆਦਾ 2343 ਨੌਜਵਾਨਾਂ ਨੇ ਵੋਟ ਪਾਈ, ਜਦੋਂ ਕਿ ਕੇਂਦਰੀ ਹਲਕੇ ’ਚ ਸਭ ਤੋਂ ਗੱਟ 437 ਨੌਜਵਾਨਾਂ ਨੇ ਵੋਟ ਪਾਈ। ਜ਼ਿਲ੍ਹੇ ’ਚ ਕੁੱਲ 67.67 ਫੀਸਦੀ ਵੋਟਿੰਗ ਹੋਈ, ਜਦੋਂ ਕਿ ਨੌਜਵਾਨ ਵੋਟਰਾਂ ਦੀ ਵੋਟ ਫੀਸਦੀ 57 ਫ਼ੀਸਦੀ ਹੀ ਰਹੀ। ਨੌਜਵਾਨਾਂ ਨੇ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈਣ ’ਚ ਦਿਲਚਸਪੀ ਨਹੀਂ ਦਿਖਾਈ। ਪ੍ਰਸ਼ਾਸਨ ਨੇ ਲੰਮੇ ਸਮੇਂ ਤੋਂ ਟਰਾਂਸਜੈਂਡਰ ਨੂੰ ਵੀ ਵੋਟਿੰਗ ਲਈ ਜਾਗਰੂਕ ਕੀਤਾ ਸੀ, ਜ਼ਿਲ੍ਹੇ ਵਿੱਚ 128 ਟਰਾਂਸਜੈਂਡਰ ਨੂੰ ਵੀ ਵੋਟਿੰਗ ਸੂਚੀ ਵਿੱਚ ਜੋੜਿਆ, ਪਰ ਇਸ ਵਿੱਚੋਂ ਸਿਰਫ਼ 30 ਨੇ ਹੀ ਵੋਟ ਪਾਈ।