ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਸਤੰਬਰ
ਸਥਾਨਕ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਮੁਕਾਬਲਿਆਂ ਵਿੱਚ 21 ਤੋਂ 40 ਸਾਲ ਵਰਗ ਵਿੱਚ ਮੇਜ਼ਬਾਨ ਕਾਲਜ ਆਫ਼ ਐਜੂਕੇਸ਼ਨ ਦੀ ਰੱਸਾਕਸ਼ੀ ਦੀ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਬੀ.ਐੱਡ ਭਾਗ ਦੂਜਾ ਦੀ ਵਿਦਿਆਰਥਣ ਹਰਮਨ ਕੌਰ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਅਮਨਦੀਪ ਕੌਰ ਨੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀ ਪਰਮਿੰਦਰ ਸਿੰਘ ਨੇ ਲੰਬੀ ਛਾਲ ਵਿੱਚ ਦੂਸਰਾ ਸਥਾਨ ਅਤੇ ਕਮਲਦੀਪ ਸਿੰਘ ਨੇ ਗੋਲਾ ਸੁੱਟਣ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਸਹਾਇਕ ਪ੍ਰੋਫ਼ੈਸਰ ਸੁਖਚੈਨ ਸਿੰਘ ਅਨੁਸਾਰ ਸੰਸਥਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਆਪਣੇ ਜੌਹਰ ਦਿਖਾਉਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਮਾਰਗ ਦਰਸ਼ਕ ਪ੍ਰੋਫੈਸਰ ਸੁਖਚੈਨ ਸਿੰਘ ਦੇ ਸਿਰ ਬੰਨ੍ਹਿਆ।
ਸਿੱਧਵਾਂ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਮੱਲ੍ਹਾ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਖੇਡਾਂ ’ਚ ਭਾਗ ਲਿਆ। ਇਸ ’ਚ ਬੀਏ ਭਾਗ ਦੂਜਾ ਦੀ ਮਮਤਾ ਸ਼ਰਮਾ ਨੇ ਲੰਮੀ ਛਾਲ ਵਿੱਚ ਤੀਜਾ ਸਥਾਨ, ਗੁਰਪ੍ਰੀਤ ਕੌਰ ਨੇ 800 ਮੀਟਰ ਦੌੜ ਵਿੱਚ ਤੀਜਾ ਸਥਾਨ ਅਤੇ ਰੀਲੇਅ ਟੀਮ ਨੇ 4 ਗੁਣਾਂ 100 ਮੀਟਰ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਦੀ ਵਾਲੀਵਾਲ ਟੀਮ ਜ਼ਿਲ੍ਹਾ ਪੱਧਰ ’ਤੇ ਖੇਡਣ ਲਈ ਚੁਣੀ ਗਈ ਹੈ। ਇਸ ਪ੍ਰਾਪਤੀ ਲਈ ਸੰਸਥਾ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਪਰਮਦੀਪ ਸਿੰਘ ਦੀ ਸ਼ਲਾਘਾ ਕਰਦੇ ਹੋਏ ਖਿਡਾਰਨਾਂ ਦੀ ਇਸ ਪ੍ਰਾਪਤੀ ਲਈ ਖੁਸ਼ੀ ਜ਼ਾਹਿਰ ਕੀਤੀ ਅਤੇ ਭਵਿੱਖ ’ਚ ਹੋਰ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।