ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੂਨ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਆਰਐੱਮਪੀਆਈ ਤੋਂ ਰਘਬੀਰ ਸਿੰਘ ਬੈਨੀਪਾਲ ਤੇ ਕਾਮਰੇਡ ਪਰਮਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਸਵੰਤ ਜੀਰਖ, ਸੀਪੀਆਈ ਲਬਿਰੇਸ਼ਨ ਦੇ ਕਾਮਰੇਡ ਨਰਾਇਣ, ਸੀਪੀਆਈਐੱਮਐੱਲ ਨਿਊ ਡੈਮੋਕ੍ਰੇਸੀ ਦੇ ਅਵਤਾਰ ਸਿੰਘ ਤਾਰੀ ਸ਼ਾਮਲ ਸਨ।
ਇਸ ਮੀਟਿੰਗ ’ਚ ਆਗੂਆਂ ਨੇ ਕਿਹਾ ਕਿ ਲੋਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ਕਿੰਨੇ ਹੀ ਬੁੱਧੀਜੀਵੀ, ਰੰਗ ਕਰਮੀ, ਵਕੀਲ, ਡਾਕਟਰ ਅਤੇ ਪੱਤਰਕਾਰ ਝੂਠੇ, ਮਨ-ਘੜਤ ਕੇਸਾਂ ਵਿੱਚ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ’ਚ ਬੰਦ ਹਨ। ਨੌਜਵਾਨਾਂ ਨੂੂੰ ਰੁਜ਼ਗਾਰ ਦੇਣ ਦੇ ਨਾਂ ਹੇਠ ਅਗਨੀਪੱਥ ਸਕੀਮ ਦੇ ਨਾਂ ਹੇਠ 4 ਸਾਲਾਂ ਲਈ ਨਿਗੁਣੀ ਤਨਖਾਹ ਤੇ ਅਗਨੀਵੀਰ ਭਰਤੀ ਕਰਨ ਵਰਗੇ ਮਖੌਲਾਂ ਰਾਹੀਂ ਬੇਇੱਜ਼ਤ ਕੀਤਾ ਜਾ ਰਿਹਾ ਹੈ।
ਇਸ ਲਈ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਅਨੁਸਾਰ ਜ਼ਿਲ੍ਹਾ/ਤਹਿਸੀਲ ਪੱਧਰ ’ਤੇ 26 ਜੂਨ, 1975 ਨੂੰ ਲਗਾਈ ਐਮਰਜੈਂਸੀ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਅਤੇ ਅੱਜ ਅਣਐਲਾਨੀ ਐਮਰਜੈਂਸੀ ਵਿਰੁੱਧ ਲੁਧਿਆਣਾ ਵਿੱਚ 26 ਜੂਨ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਮੇਂ ਅਮੈਰਜੈਂਸੀ ਤੋਂ ਵੀ ਖਤਰਨਾਕ ਹਾਲਾਤ ਬਣਾਉਣ ਵਾਲੇ ਸਿਆਸਤਦਾਨਾਂ ਦੇ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਿਰਦਾਰ ਬਾਰੇ ਵਿਚਾਰਾਂ ਕਰਨ ਉਪਰੰਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ।