ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਈ
ਡਾਬਾ ਇਲਾਕੇ ’ਚ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੰਨ ਪੁਆਇੰਟ ’ਤੇ ਲੈਣ ਤੋਂ ਬਾਅਦ ਬੰਧੀ ਬਣਾ ਕੇ ਲੁੱਟਣ ਦੇ ਮਾਮਲੇ ’ਚ ਕਈ ਅਹਿਮ ਸਬੂਤ ਮਿਲੇ ਹਨ। ਪੁਲੀਸ ਇਸ ਮਾਮਲੇ ’ਚ ਕਈ ਪਹਿਲੂਆਂ ’ਤੇ ਕੰਮ ਕਰਨ ’ਚ ਲੱਗੀ ਹੈ। ਇਸ ਲੁੱਟ ’ਚ ਮੁਲਜ਼ਮ ਜੋ ਘਰੋਂ ਗੱਡੀ ਲੈ ਗਏ ਸੀ, ਉਸ ਨੂੰ ਬਰਾਮਦ ਕਰ ਲਿਆ ਹੈ। ਥਾਣਾ ਡਾਬਾ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਇਸ ਮਾਮਲੇ ’ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ’ਚ ਕਈ ਅਹਿਮ ਸਬੂਤ ਮਿਲੇ ਹਨ। ਜਿਸ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਲੁੱਟਕਾਂਡ ਨੂੰ ਅੰਜਾਮ ਦੇਣ ’ਚ ਕਿਸੇ ਨਜ਼ਦੀਕੀ ਦਾ ਹੱਥ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਘਰ ਦੇ ਬਾਰੇ ’ਚ ਹੋਰ ਪਰਿਵਾਰਕ ਮੈਂਬਰਾਂ ਦੇ ਬਾਰੇ ’ਚ ਪੂਰੀ ਜਾਣਕਾਰੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਘਰ ’ਚ ਕਿੰਨੇ ਲੋਕ ਸਨ ਅਤੇ ਮੁਲਜ਼ਮ ਨੇ ਅਜਿਹੇ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਖੁਦ ਦੀ ਸ਼ਕਲ ਵੀ ਉਨ੍ਹਾਂ ਨੂੰ ਨਹੀਂ ਦੇਖਣ ਦਿੱਤੀ। ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਡਾਬਾ ਰੋਡ ਇਲਾਕੇ ’ਚ ਬੀਤੇ ਦਿਨੀਂ ਇੱਕ ਪਰਿਵਾਰ ਨੂੰ ਬੰਧਕ ਬਣਾ ਕੇ 6 ਲੱਖ ਰੁਪਏ ਤੇ 6 ਲੱਖ ਕੀਮਤ ਦੇ ਹੀ 12 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਜਾਂਦੇ ਹੋਏ ਮੁਲਜ਼ਮ ਗੱਡੀ ਵੀ ਲੈ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਗੱਡੀ ਸਾਊਥ ਸਿਟੀ ਕੋਲ ਛੱਡ ਦਿੱਤੀ ਤੇ ਉਥੋਂ ਫ਼ਰਾਰ ਹੋ ਗਏ।