ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਤੇਜ਼ੀ ਨਾਲ ਆਈ ਤਬਦੀਲੀ ਕਾਰਨ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ। ਦੂਰ-ਦੁਰਾਡੇ ਇਲਾਕਿਆਂ ਵਿੱਚ ਧੁੰਦ ਵਧਣ ਕਰਕੇ ਸਾਫ਼ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਟੇਸ਼ਨਾਂ ’ਤੇ ਦੇਰੀ ਨਾਲ ਪਹੁੰਚ ਰਹੀਆਂ ਹਨ।
ਇਸ ਵਿੱਚ ਸਭ ਤੋਂ ਵੱਧ ਅਸਰ ਲੰਬੀ ਦੂਰੀ ਦੀਆਂ ਰੇਲ ਗੱਡੀਆਂ ’ਤੇ ਪਿਆ ਹੈ, ਜਿਹੜੀਆਂ ਦੋ ਤੋਂ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਐਤਵਾਰ ਨੂੰ ਖ਼ਰਾਬ ਹੋਏ ਮੌਸਮ ਕਰਕੇ ਅੰਮ੍ਰਿਤਸਰ ਅਤੇ ਜੰਮੂ ਵਾਲੇ ਪਾਸੇ ਚੱਲਣ ਵਾਲੀਆਂ ਰੇਲ ਗੱਡੀਆਂ ਵੱਧ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚ ਬਨਮੱਖੀ-ਅੰਮ੍ਰਿਤਸਰ ਫੈਸਟੀਵਲ ਸਪੈਸ਼ਲ (05583) ਛੇ ਘੰਟੇ 30 ਮਿੰਟ, ਅੰਤੋਯਦਿਆ ਐਕਸਪ੍ਰੈੱਸ (22552) ਪੰਜ ਘੰਟੇ, ਸ਼ਹੀਦ ਐਕਸਪ੍ਰੈੱਸ (14673) ਦੋ ਘੰਟੇ ਅਤੇ ਦੁਰਗਿਆਨਾ ਐਕਸਪ੍ਰੈੱਸ ਇੱਕ ਘੰਟੇ ਦੀ ਦੇਰੀ ਨਾਲ ਆਪਣੀ ਮੰਜਿਲ ’ਤੇ ਪਹੁੰਚੀਆ। ਰੇਲ ਗੱਡੀਆਂ ਦੇ ਪੱਛੜਨ ਨਾਲ ਸਭ ਤੋਂ ਵੱਡੀ ਪ੍ਰੇਸ਼ਾਨੀ ਉਨ੍ਹਾਂ ਯਾਤਰੀਆਂ ਨੂੰ ਹੋਈ ਜਿਨ੍ਹਾਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਸੀ।