ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੂਨ
ਡੀਐੱਮਸੀ ਹਾਰਟ ਇੰਸਟੀਚਿਊਟ ਵਿੱਚ ਅੱਜ ਦਿਵਿਆਂਗ ਵਿਅਕਤੀਆਂ ਤੇ ਕਿੰਨਰਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡੀਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਕੀਤਾ। ਇਹ ਟੀਕਾਕਰਨ ਕੈਂਪ ਐੱਨਜੀਓ ਸਿਟੀ ਨੀਡਜ਼ ਦੇ ਯਤਨਾਂ ਸਦਕਾ ਲਗਾਇਆ ਗਿਆ, ਜਦਕਿ ਵੈਕਸੀਨ ਵਰਧਮਾਨ ਸਪੈਸ਼ਲ ਸਟੀਲਜ਼ ਦੇ ਸਚਿਤ ਜੈਨ ਤੇ ਡੀਐੱਮਸੀਐੱਚ ਮੈਨੇਜਮੈਂਟ ਦੇ ਸਕੱਤਰ ਪ੍ਰੇਮ ਗੁਪਤਾ ਨੇ ਦਾਨ ਕੀਤੀ। ਇਸ ਮੌਕੇ ਸ੍ਰੀ ਸ਼ਰਮਾ ਨੇ ਸ਼ਹਿਰ ਦੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਦੇ ਬਚਾਅ ਲਈ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਜਨਮਦਿਨ ਅਤੇ ਵਰ੍ਹੇਗੰਢ ਨੂੰ ਵੈਕਸੀਨ ਭੇਟ ਕਰਕੇ ਮਨਾਇਆ ਜਾਵੇ, ਜੋ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਲੋੜਵੰਦ ਯੋਗ ਵਿਅਕਤੀਆਂ ਲਈ ਸੱਚੀ ਅਤੇ ਨਾ ਭੁੱਲਣਯੋਗ ਸੇਵਾ ਹੋਵੇਗੀ ਕਿਉਂਕਿ ਟੀਕਾਕਰਨ ਉਨ੍ਹਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕਰੇਗਾ।