ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਗਸਤ
ਗੁਰਦਾਸਪੁਰ ’ਚ ਤਾਇਨਾਤ ਪੁਲੀਸ ਕਾਂਸਟੇਬਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਐਨਆਰਆਈ ਦੇ ਪਲਾਟ ’ਤੇ ਕਬਜ਼ਾ ਕਰਨ ਲਈ ਅਸਲ ਮਾਲਕ ਦੀ ਜਗ੍ਹਾ ਕਿਸੇ ਮਜ਼ਦੂਰ ਨੂੰ ਖੜ੍ਹਾ ਕਰ ਕੇ ਜਾਅਲੀ ਰਜਿਸਟਰੀ ਕਰਵਾਉਣ ਅਤੇ ਪਲਾਟ ਨੂੰ ਅੱਗੇ ਔਰਤ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਠੱਗੀ ਦਾ ਰੌਲਾ ਉਦੋਂ ਪਿਆ ਜਦੋਂ ਜਿਸ ਮਜ਼ਦੂਰ ਦੇ ਨਾਂ ’ਤੇ ਪਲਾਟ ਦੀ ਰਜਿਸਟਰੀ ਹੋਈ ਸੀ, ਨੇ ਪੈਸੇ ਪੂਰੇ ਨਾ ਮਿਲਣ ’ਤੇ ਵਿਵਾਦ ਖੜ੍ਹਾ ਕਰ ਦਿੱਤਾ ਤੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲੀਸ ਜਾਂਚ ਦੌਰਾਨ ਸ਼ਿਕਾਇਤਕਰਤਾ ਖ਼ੁਦ ਹੀ ਜਾਲ ’ਚ ਫਸ ਗਿਆ। ਪੁਲੀਸ ਨੇ ਸ਼ਿਕਾਇਤਕਰਤਾ ਸਣੇ 10 ਲੋਕਾਂ ਖ਼ਿਲਾਫ਼ ਧੋਖਾਧੜੀ, ਜਾਅਲੀ ਕਾਗਜ਼ਾਤ ਤਿਆਰ ਕਰਵਾਉਣ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਇਹ ਕੇਸ ਐਸਆਈ ਸੁਰਿੰਦਰਪਾਲ ਦੇ ਬਿਆਨਾਂ ’ਤੇ ਸ਼ਿਕਾਇਤਕਰਤਾ ਰਾਜ ਕੁਮਾਰ, ਕਾਂਸਟੇਬਲ ਭਗਵੰਤ ਸਿੰਘ, ਕੋਟਕਪੁਰਾ ਵਾਸੀ ਪ੍ਰਦੀਪ ਸਿੰਘ, ਉਸ ਦੀ ਪਤਨੀ ਗੁਰਪ੍ਰੀਤ ਕੌਰ, ਖੰਨਾ ਵਾਸੀ ਸੰਦੀਪ ਸਿੰਘ ਉਰਫ਼ ਸੰਨੀ, ਦੁਰਗਾਪੁਰੀ ਹੈਬੋਵਾਲ ਦੇ ਮਾਣਿਕ ਗੌਰ ਉਰਫ਼ ਮਿੱਕੀ, ਸੰਦੀਪ ਚੰਡੀਗੜ੍ਹੀਆ, ਟਿੱਬਾ ਰੋਡ ਦੇ ਮੌਂਟੀ ਡੇਵਿਡ, ਦੋਰਾਹਾ ਦੇ ਸੁਖਵਿੰਦਰ ਸਿੰਘ ਤੇ ਵਕੀਲ ਭਜਨਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਭਾਮੀਆਂ ਦੇ ਬਾਬਾ ਦੀਪ ਸਿੰਘ ਨਗਰ ਵਾਸੀ ਰਾਜ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਮਜ਼ਦੂਰੀ ਕਰਦਾ ਹੈ। ਕਰੋਨਾ ਦੌਰਾਨ ਉਸ ਦਾ ਕੰਮ ਠੱਪ ਹੋ ਗਿਆ ਸੀ ਅਤੇ ਘਰ ’ਚ ਦੋ ਲੜਕੀਆਂ ਦੀ ਸਕੂਲ ਫੀਸ ਦੇਣ ਦੇ ਨਾਲ-ਨਾਲ ਘਰ ਦਾ ਖ਼ਰਚਾ ਚਲਾਉਣਾ ਵੀ ਮੁਸ਼ਕਿਲ ਹੋ ਰਿਹਾ ਸੀ। ਇਸੇ ਦੌਰਾਨ ਉਸ ਨੂੰ ਪੁਲੀਸ ਕਾਂਸਟੇਬਲ ਭਗਵੰਤ ਸਿੰਘ ਮਿਲਿਆ ਜਿਸ ਨੇ ਉਸ ਨੂੰ ਸੰਦੀਪ ਨਾਲ ਮਿਲਵਾਇਆ ਤੇ ਕਿਹਾ ਕਿ ਉਸ ਨੂੰ ਕੰਮ ਦਿਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਛਾਣ ਦੇ ਵਿਅਕਤੀ ਜਤਿੰਦਰ ਕੁਮਾਰ ਦਾ ਪਲਾਟ ਬੀਆਰਐਸ ਨਗਰ ’ਚ ਪਿਆ ਹੈ। ਉਸ ਨੂੰ ਅੱਗੇ ਵੇਚਣਾ ਹੈ ਤੇ ਇਸ ਦੇ ਬਦਲੇ ’ਚ ਉਸ ਨੂੰ ਵਧੀਆ ਕਮਿਸ਼ਨ ਮਿਲੇਗਾ। ਇਸ ਤੋਂ ਬਾਅਦ ਭਗਵੰਤ ਨੇ ਉਸ ਦਾ ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਲੈ ਲਏ ਤੇ ਉਸ ਨੂੰ 20 ਹਜ਼ਾਰ ਬਤੌਰ ਪੇਸ਼ਗੀ ਦੇ ਦਿੱਤੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਜਾਅਲੀ ਕਾਗਜ਼ਾਤ ਤਿਆਰ ਕਰਵਾਏ ਤੇ ਜਤਿੰਦਰ ਕੁਮਾਰ ਦੇ ਨਾਂ ਤੋਂ ਰਜਿਸਟਰਾਰ ਪੱਛਮੀ ਦੇ ਦਫ਼ਤਰ ’ਚ ਰਜਿਸਟਰੀ ਕਰਵਾ ਲਈ। ਇਸ ਤੋਂ ਬਾਅਦ ਉਸ ਨੂੰ ਕੋਟਕਪੁਰਾ ਲਿਜਾ ਕੇ ਰਜਿਸਟਰੀ ਹੋਰ ਔਰਤ ਦੇ ਨਾਂ ਕਰਵਾ ਦਿੱਤੀ। ਮੁਲਜ਼ਮਾਂ ਨੇ ਇਸ ਤੋਂ ਬਾਅਦ ਉਸ ਨੂੰ 40 ਹਜ਼ਾਰ ਰੁਪਏ ਹੋਰ ਦਿੱਤੇ ਸਨ। ਉਸ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਤੋਂ ਕੋਈ ਗ਼ਲਤ ਕੰਮ ਕਰਵਾਇਆ ਗਿਆ ਹੈ।